ਬਿਜਲੀ ਸਪਲਾਈ ਕੱਟਣ ਮੌਕੇ ਫੈਕਟਰੀ ਦੇ ਕਰਿੰਦੇ ਨੂੰ ਲੋਕਾਂ ਦਬੋਚਿਆ

Friday, Jun 22, 2018 - 12:30 AM (IST)

ਬਿਜਲੀ ਸਪਲਾਈ ਕੱਟਣ ਮੌਕੇ ਫੈਕਟਰੀ ਦੇ ਕਰਿੰਦੇ ਨੂੰ ਲੋਕਾਂ ਦਬੋਚਿਆ

ਕਾਠਗਡ਼੍ਹ, (ਰਾਜੇਸ਼)- ਹਲਕੇ ਦੇ ਪਿੰਡ ਸੁੱਧਾ ਮਾਜਰਾ ’ਚ ਪਿੰਡ ਵਾਸੀਆਂ ਨੇ ਕੋਲਡ ਡ੍ਰਿੰਕ ਬਣਾਉਣ ਵਾਲੀ ਇਕ ਫੈਕਟਰੀ ਦੇ ਕਰਿੰਦੇ ਨੂੰ ਉਸ ਸਮੇਂ ਦਬੋਚ ਲਿਆ ਜਦੋਂ ਉਹ ਸਵੇਰੇ ਸਮੇਂ ਟੀ/ਆਫ਼ ਪੁਆਇੰਟ ਤੋਂ ਅੱਗੇ ਜਾਣ ਵਾਲੀ ਸਪਲਾਈ ਨੂੰ ਕੱਟਣ ਆਇਆ ਸੀ। 
ਫੈਕਟਰੀ ਖਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਦੇ ਹੋਏ ਸੁੱਧਾ ਮਾਜਰਾ ਦੇ ਵਸਨੀਕਾਂ ਜਸਵੀਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਜੋਗਿੰਦਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਮਨਜਿੰਦਰ ਸਿੰਘ, ਮਨਜੀਤ ਸਿੰਘ, ਚਰਨ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਪ੍ਰੇਮ ਸਿੰਘ, ਜਿੰਦਰ ਸਿੰਘ, ਸਾਬੀ, ਸੁੱਚਾ ਸਿੰਘ, ਜਰਨੈਲ ਸਿੰਘ ਰਾਏ, ਚਰਨ ਸਿੰਘ, ਬੱਗਾ ਸਿੰਘ, ਜੀਤ ਸਿੰਘ, ਤਰਲੋਕ ਸਿੰਘ, ਭਜਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਦੀ ਇਕ ਕੋਲਡ ਡ੍ਰਿੰਕ ਬਣਾਉਣ ਵਾਲੀ ਫੈਕਟਰੀ ਦੇ ਪ੍ਰਬੰਧਕ ਫੈਕਟਰੀ ’ਚ ਬਿਜਲੀ ਸਪਲਾਈ ਨੂੰ ਪੂਰਾ ਕਰਨ ਲਈ ਟੀ/ਆਫ਼ ਪੁਆਇੰਟ ਤੋਂ ਆਪਣੇ ਕਰਿੰਦੇ ਦੁਆਰਾ ਸੁੱਧਾ ਮਾਜਰਾ ਅਤੇ ਹੋਰ ਪਿੰਡ ਨੂੰ ਜਾ ਰਹੀ ਸਪਲਾਈ ਨੂੰ ਬੰਦ ਕਰਵਾ ਦਿੰਦੇ ਸਨ, ਜਿਸ ਕਾਰਨ ਲੋਕਾਂ ਨੂੰ ਭਰ ਗਰਮੀ ’ਚ ਬਹੁਤ ਮੁਸ਼ਕਿਲ ਹੋ ਰਹੀ ਸੀ।
 ਫਿਰ ਇਸ ਬਾਰੇ ਉਨ੍ਹਾਂ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਜਿਸ ਦੇ ਅਾਧਾਰ ’ਤੇ ਪਿੰਡ ਦੇ 1-2 ਵਸਨੀਕਾਂ ਨੇ ਕਰਿੰਦੇ ਨੂੰ ਸਵੇਰ ਸਮੇਂ ਸਵਿੱਚ ਕੱਟਦਿਅਾਂ ਮੌਕੇ ’ਤੇ ਫਡ਼ ਲਿਆ। 
ਲੋਕਾਂ ਕੀਤੀ ਕਾਰਵਾਈ ਦੀ ਮੰਗ :  ਉਪਰੋਕਤ   ਲੋਕਾਂ ਨੇ ਵਿਭਾਗ ਤੋਂ ਫੈਕਟਰੀ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਸਪਲਾਈ ਨਿਰਵਿਘਨ ਕੀਤੀ ਜਾਵੇ ਕਿਉਂਕਿ ਇਕ ਤਾਂ ਗਰਮੀ ਕਾਰਨ ਉਹ ਬੇਹਾਲ ਹਨ ਅਤੇ ਦੂਜਾ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। 
ਕੀ ਕਹਿੰਦੇ ਹਨ ਐੱਸ.ਡੀ.ਓ. :  ਇਸ ਸਬੰਧੀ ਜਦੋਂ ਪਾਵਰਕਾਮ ਬਲਾਚੌਰ ਦੇ ਐੱਸ.ਡੀ.ਓ. ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ’ਚ ਨਹੀਂ ਹੈ ਪਰ ਹੁਣ ਇਸ ਸਬੰਧੀ ਪੂਰੀ ਜਾਂਚ ਪਡ਼ਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਦੀ ਸਮੱਸਿਆ ਦਾ ਪਹਿਲ ਦੇ ਅਾਧਾਰ ’ਤੇ ਹੱਲ ਕੀਤਾ ਜਾਵੇਗਾ। ਉਧਰ, ਫੈਕਟਰੀ ਦੇ ਮਾਲਕ ਨਾਲ ਗੱਲ ਨਹੀਂ ਹੋ ਸਕੀ।


Related News