ਬਿਜਲੀ ਘਰ ’ਚ ਟਰਾਂਸਫਾਰਮਰ ਦੀ ਡਿਸਕ ਪੈਂਚਰ ਹੋਣ ਨਾਲ ਸ਼ਹਿਰ ’ਚ 50 ਮਿੰਟ ਰਹੀ ਬਿਜਲੀ ਬੰਦ
Thursday, Aug 23, 2018 - 04:34 AM (IST)

ਅੰਮ੍ਰਿਤਸਰ, (ਰਮਨ)- ਬੁੱਧਵਾਰ ਨੂੰ ਬਿਜਲੀ ਘਰ ਵੇਰਕਾ ’ਚ ਟਰਾਂਸਫਾਰਮਰ ਦੀ ਡਿਸਕ ਪੈਂਚਰ ਹੋਣ ਨਾਲ ਸ਼ਹਿਰ ’ਚ 50 ਮਿੰਟ ਬਿਜਲੀ ਬੰਦ ਰਹੀ, ਜਿਸ ਨੂੰ ਪਾਵਰਕਾਮ ਦੀ ਟੈਕਨੀਕਲ ਟੀਮ ਵੱਲੋਂ ਤੁਰੰਤ ਠੀਕ ਕੀਤਾ ਗਿਆ, ਜਿਸ ਨਾਲ ਬਿਜਲੀ ਸਪਲਾਈ ਬਹਾਲ ਹੋ ਪਈ, ਜਿਸ ’ਚ ਰਣਜੀਤ ਐਵੀਨਿਊ ਏ-ਬੀ-ਸੀ-ਡੀ-ਈ ਬਲਾਕ, ਗਰੀਨ ਐਵੀਨਿਊ, ਮਜੀਠਾ ਰੋਡ, ਪਾਵਰ ਕਾਲੋਨੀ, ਰਤਨ ਸਿੰਘ ਚੌਕ, ਫਤਿਹਗਡ਼੍ਹ ਚੂਡ਼ੀਆ ਰੋਡ, ਮੁਸਤਫਾਬਾਦ, ਪਵਨ ਨਗਰ, ਕਸ਼ਮੀਰ ਨਗਰ, ਮਹਿੰਦਰਾ ਕਾਲੋਨੀ, ਦਸ਼ਮੇਸ਼ ਨਗਰ ਆਦਿ ਦਰਜਨਾਂ ਇਲਾਕਿਆਂ ’ਚ ਬਿਜਲੀ ਬੰਦ ਰਹੀ। ਪਾਵਰਕਾਮ ਵੱਲੋਂ ਹਰ ਦੂਜੇ ਦਿਨ ਸ਼ਹਿਰ ’ਚ ਬਿਜਲੀ ਮੁਰੰਮਤ ਨੂੰ ਲੈ ਕੇ ਬਿਜਲੀ ਕੱਟ ਲਾਏ ਜਾਂਦੇ ਹਨ ਪਰ ਨਿਰਧਾਰਤ ਸਮੇਂ ਤੋਂ ਵੀ ਜ਼ਿਆਦਾ ਸਮਾਂ ਤੱਕ ਬਿਜਲੀ ਬੰਦ ਰੱਖੀ ਜਾਂਦੀ ਹੈ, ਕਈ ਇਲਾਕਿਆਂ ’ਚ ਤਾਂ ਬਿਜਲੀ ਅੱਖ ਮਿਚੌਲੀ ਦਾ ਖੇਡ ਖੇਡਦੀ ਹੈ ਤੇ ਦਿਨ ’ਚ ਕਈ ਵਾਰ ਬਿਜਲੀ ਆਉਂਦੀ-ਜਾਂਦੀ ਰਹਿੰਦੀ ਹੈ, ਜਿਸ ਨਾਲ ਲੋਕਾਂ ਨੂੰ ਬਿਨਾਂ ਬਿਜਲੀ ਦੇ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਗਰਮੀਆਂ ਤੇ ਵਰਖਾ ਦੇ ਸੀਜਨ ਤੋਂ ਪਹਿਲਾਂ ਪਾਵਰਕਾਮ ਵਲੋਂ ਕੋਈ ਤਿਆਰੀ ਨਾ ਕਰਨ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਰਾਤ ਦੇ ਸਮੇਂ ਕਈ ਇਕੱਠੇ ਇਲਾਕਿਆਂ ’ਚ ਬਿਜਲੀ ਸਬੰਧੀ ਸ਼ਿਕਾਇਤਾਂ ਆਉਂਦੀਆ ਹਨ ਤਾਂ ਘੰਟਿਆਂ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਬੇਡ਼ਾ ਨਹੀਂ ਹੁੰਦਾ। ਪਾਵਰਕਾਮ ਕੋਲ ਕਰਮਚਾਰੀਆਂ ਦੀ ਕਮੀ ਵੀ ਚੱਲ ਰਹੀ ਹੈ, ਜਿਸ ਦੇ ਚਲਦੇ ਬਿਜਲੀ ਸਬੰਧੀ ਸ਼ਿਕਾਇਤਾਂਂ ਸਮੇ ’ਤੇ ਹੱਲ ਨਹੀਂ ਹੋ ਪੈਦੀਆ। ਹਾਲਾਂਕਿ ਪਾਵਰਕਾਮ ਅਧਿਕਾਰੀ ਖੁਦ ਦੇ ਸਿਸਟਮ ਨੂੰ ਹਾਈਟੈਕ ਦੱਸਦੇ ਹੈ ਪਰ ਜਦੋਂ ਗੱਲ ਕਰਮਚਾਰੀਆਂ ਦੀ ਆਉਂਦੀ ਹੈ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਵਿਭਾਗ ਕੋਲ ਆਏ ਦਿਨ ਟੈਕਨੀਕਲ ਸਟਾਫ ਘੱਟ ਹੁੰਦਾ ਜਾ ਰਿਹਾ ਹੈ।
1912 ਨੰਬਰ ’ਤੇ ਲੋਕਾਂ ਦੀਆਂ ਨਹੀਂ ਹੁੰਦੀਅਾਂ ਸ਼ਿਕਾਇਤਾਂ ਦਰਜ
ਜਦੋਂ ਵੀ ਕਦੇ ਵਰਖਾ ਹੁੰਦੀ ਹੈ ਤਾਂ ਪਾਵਰਕਾਮ ਵਲੋਂ ਬਣਾਇਆ ਗਿਆ ਸਾਰੇ ਪੰਜਾਬ ’ਚ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਲੈ ਕੇ ਲੋਕ 1912 ਕੰਪਲੈਂਟ ਨੰਬਰ ’ਤੇ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਦਾ ਸੰਪਰਕ ਨਹੀਂ ਹੋ ਪੈਦਾ ਹੈ। ਜਦੋਂ ਲੋਕਾਂ ਵੱਲੋਂ ਐੱਸ.ਡੀ.ਓ. ਤੇ ਜੇ.ਈ. ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਪਹਿਲਾਂ 1912 ’ਤੇ ਸ਼ਿਕਾਇਤ ਦਰਜ ਕਰਵਾਓ, ਜਿਸ ਨਾਲ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।