ਬਿਜਲੀ ਮੁਲਾਜ਼ਮਾਂ ਨੇ ਬਿਜਲੀ ਸੋਧ ਐਕਟ 2020 ਖਿਲਾਫ਼ ਕੀਤਾ ਅਰਥੀ ਫੂਕ ਮੁਜ਼ਾਹਰਾ
Tuesday, Jun 09, 2020 - 04:37 PM (IST)
ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ ) - ਪੰਜਾਬ ਰਾਜ ਬਿਜਲੀ ਬੋਰਡ ਪੰਜਾਬ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਅੱਜ ਬਿਜਲੀ ਘਰ ਟਾਂਡਾ ਵਿਖੇ ਬਿਜਲੀ ਸੋਧ ਐਕਟ 2020, ਲੇਬਰ ਐਕਟ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਯੂਨੀਅਨ ਵਲੋਂ ਆਪਣੀਆਂ ਹੋਰਨਾਂ ਮੰਗਾਂ ਦੇ ਹੱਕ ਵਿਚ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਵੀ ਕੀਤਾ ਗਿਆ। ਮੰਡਲ ਪ੍ਰਧਾਨ ਭੋਗਪੁਰ ਦਿਲਬਰ ਸਿੰਘ ਸੈਣੀ ਦੀ ਅਗਵਾਈ ਵਿਚ ਹੋਏ ਇਸ ਅਰਥੀ ਫ਼ੂਕ ਮੁਜ਼ਾਹਰੇ ਦੌਰਾਨ ਸਬ-ਅਰਬਨ ਅਤੇ ਸਿਟੀ ਟਾਂਡਾ ਦੇ ਬਿਜਲੀ ਮੁਲਾਜ਼ਮਾਂ ਨੇ ਭਾਗ ਲੈਂਦਿਆਂ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੰਡਲ ਪ੍ਰਧਾਨ ਦਿਲਬਰ ਸਿੰਘ ਸੈਣੀ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਆੜ 'ਚ ਮੌਜੂਦਾ ਸਮੇਂ ਦੌਰਾਨ ਮਾਨਸੂਨ ਸੈਸ਼ਨ ਬੁਲਾ ਕੇ ਬਿਜਲੀ ਸੋਧ ਐਕਟ 2020 ਅਤੇ ਲੇਬਰ ਐਕਟ ਪਾਸ ਕਰਨ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਮੌਜੂਦਾ ਪੈਡੀ ਸੀਜ਼ਨ ਦੌਰਾਨ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਬਿਜਲੀ ਮੁਲਾਜ਼ਮਾਂ ਪ੍ਰਤੀ ਮਾੜਾ ਰਵੱਈਆ ਅਪਣਾਇਆ ਜਾ ਰਿਹਾ। ਜਿਸ ਨੂੰ ਬਿਜਲੀ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਐਕਟ ਪਾਸ ਕੀਤਾ ਤਾਂ ਉਹ ਹੋਰਨਾਂ ਜਥੇਬੰਦੀਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਸੰਘਰਸ਼ ਛੇੜਨਗੇ। ਇਸ ਮੌਕੇ ਪੰਜਾਬ ਰਾਜ ਇੰਪਲਾਈਜ ਫੈਡਰੇਸ਼ਨ(ਏਟਕ) ਸਰਕਲ ਜਥੇਬੰਦਕ ਸਕੱਤਰ ਹੁਸ਼ਿਆਰਪੁਰ ਸਤਨਾਮ ਸਿੰਘ ਨੇ ਸੰਬੋਧਨ ਕਰਦਿਆਂ ਬਿਜਲੀ ਮੁਲਾਜ਼ਮਾਂ ਦੀ ਹੋਰਨਾਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਬਿਜਲੀ ਬੋਰਡ ਵਿਚ ਨਵੀਂ ਭਰਤੀ ਕੀਤੀ ਜਾਵੇ,ਪੇ ਬੈਂਡ ਸਕੇਲ, 23 ਸਾਲਾਂ ਬਕਾਇਆ, ਪ੍ਰਮੋਸ਼ਨ ਸਕੇਲ, ਡਿਊਟੀ ਦੌਰਾਨ ਮ੍ਰਿਤਕ ਕਰਮਚਾਰੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ।ਇਸ ਮੌਕੇ ਇਕੱਤਰ ਹੋਏ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਬੋਰਡ ਦੇ ਚੇਅਰਮੈਨ ਦੀ ਅਰਥੀ ਵੀ ਫੂਕੀ।ਇਸ ਮੌਕੇ ਰਾਜ ਕੁਮਾਰ, ਕੁਲਜਿੰਦਰ ਸਿੰਘ ਬਲੜਾ,ਯੋਗਰਾਜ ਸਿੰਘ,ਪ੍ਰਦੀਪ ਸਿੰਘ,ਪ੍ਰਸ਼ੋਤਮ ਸਿੰਘ ,ਦਵਿੰਦਰ ਸਿੰਘ ਜੇ.ਈ, ਅਰਵਿੰਦਰ ਸਿੰਘ ਅਤੇ ਹੋਰ ਬਿਜਲੀ ਮੁਲਾਜ਼ਮ ਵੀ ਹਾਜ਼ਰ ਸਨ।