ਪੇਂਡੂ ਮਜ਼ਦੂਰ ਯੂਨੀਅਨ ਨੇ ਬਿਜਲੀ ਬਿੱਲ ਸਾੜੇ
Monday, Jan 29, 2018 - 08:08 AM (IST)
ਬਾਘਾਪੁਰਾਣਾ (ਚਟਾਨੀ) - ਧਰਨਿਆਂ, ਮੁਜ਼ਾਹਰਿਆਂ ਅਤੇ ਵੱਡੇ ਲੋਕ ਸੰਘਰਸ਼ਾਂ ਰਾਹੀਂ ਅਕਾਲੀ ਸਰਕਾਰ ਤੋਂ ਮਜ਼ਦੂਰਾਂ ਲਈ 400 ਯੂਨਿਟ ਮੁਫਤ ਬਿਜਲੀ ਦੀ ਪ੍ਰਾਪਤ ਕੀਤੀ ਗਈ ਸਹੂਲਤ 'ਚ ਵਾਧਾ ਕਰਨ ਦਾ ਭਰੋਸਾ ਦੇਣ ਵਾਲੀ ਕੈਪਟਨ ਸਰਕਾਰ ਹੁਣ ਪਹਿਲੀ ਸਹੂਲਤ ਨੂੰ ਵੀ ਖਤਮ ਕਰਨ ਜਾ ਰਹੀ ਹੈ, ਜਿਸ ਨੂੰ ਮਜ਼ਦੂਰ ਵਰਗ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰੇਗਾ। ਇਹ ਗੱਲ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਸਾਥੀ ਮੰਗਾ ਸਿੰਘ ਵੈਰੋਕੇ ਨੇ ਪਿੰਡ ਸੰਗਤਪੁਰਾ ਵਿਖੇ ਮਜ਼ਦੂਰ ਪਰਿਵਾਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਸਾਥੀ ਵੈਰੋਕੇ ਅੱਜ ਇਥੇ ਆਪਣੀ ਟੀਮ ਦੇ ਸਹਿਯੋਗ ਨਾਲ ਘਰਾਂ ਦੇ ਬਿਜਲੀ ਕੁਨੈਕਸ਼ਨ ਜੋੜ ਕੇ ਸਪਲਾਈ ਬਹਾਲ ਕਰਨ ਲਈ ਆਏ ਸਨ, ਜਿਨ੍ਹਾਂ ਦੇ ਬਿਜਲੀ ਕੁਨੈਕਸ਼ਨ ਪਾਵਰਕਾਮ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਹੋਣ ਕਰਕੇ ਕੱਟ ਦਿੱਤੇ ਗਏ ਸਨ।
ਸਾਥੀ ਵੈਰੋਕੇ ਨੇ ਕਿਹਾ ਕਿ ਸਰਮਾਏਦਾਰਾਂ ਵੱਲੋਂ ਮੁਆਫੀ ਲਈ ਕੋਈ ਮੰਗ ਨਾ ਕੀਤੇ ਜਾਣ 'ਤੇ ਵੀ ਸਰਕਾਰ ਨੇ ਵੱਡੇ-ਵੱਡੇ ਉਦਯੋਗਪਤੀਆਂ ਨੂੰ ਸਬਸਿਡੀ ਰਾਹੀਂ 348 ਕਰੋੜ ਰੁਪਏ ਦੀ ਰਾਹਤ ਦੇ ਦਿੱਤੀ, ਜਦਕਿ ਰੋਟੀਓਂ ਮੁਥਾਜ ਹੋਏ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੇ ਕੁਨੈਕਸ਼ਨ ਕੱਟ ਕੇ ਹਨੇਰਾ ਕਰ ਦਿੱਤਾ। ਸੰਗਤਪੁਰਾ ਪਿੰਡ ਦੇ ਪਰਿਵਾਰਾਂ ਨੇ ਬਿਜਲੀ ਦੇ ਵੱਡੀ ਕਰਮ ਵਾਲੇ ਬਿੱਲਾਂ ਨੂੰ ਸਾੜ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਬਿੱਲਾਂ ਦੀ ਅਦਾਇਗੀ ਹਰਗਿਜ਼ ਨਹੀਂ ਕਰਨਗੇ ਅਤੇ ਨਾ ਹੀ ਕੁਨੈਕਸ਼ਨ ਕੱਟਣ ਦੇਣਗੇ। ਅੱਜ ਪਿੰਡ ਵਿਖੇ ਕਈ ਘਰਾਂ ਦੇ ਕੁਨੈਕਸ਼ਨ ਜੋੜ ਕੇ ਬਿਜਲੀ ਦੀ ਸਪਲਾਈ ਬਹਾਲ ਕਰਦਿਆਂ ਸਾਥੀ ਵੈਰੋਕੇ ਨੇ ਕਿਹਾ ਕਿ ਅਜਿਹਾ ਕਰ ਕੇ ਉਹ ਅਤੇ ਉਨ੍ਹਾਂ ਦੀ ਜਥੇਬੰਦੀ ਸਰਕਾਰ ਨੂੰ ਸਪੱਸ਼ਟ ਸੰਕੇਤ ਦੇਣਾ ਚਾਹੁੰਦੀ ਹੈ ਕਿ ਮਜ਼ਦੂਰ ਵਰਗ ਨਾਲ ਹਰ ਪੱਖ ਤੋਂ ਕੀਤੀ ਜਾ ਰਹੀ ਕਥਿਤ ਵਿਤਕਰੇਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਪਰਮਜੀਤ ਕੌਰ, ਰਿੰਕੂ ਕੌਰ, ਰਣਜੀਤ ਕੌਰ, ਮਨਜੀਤ ਕੌਰ, ਬਿੰਦਰ ਕੌਰ, ਸੁਖਦੇਵ ਸਿੰਘ ਸੰਗਤਪੁਰਾ, ਸਵਰਨਜੀਤ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਬਿੰਦਰ ਕੋਟਲਾ ਅਤੇ ਅਵਤਾਰ ਸਿੰਘ ਹੁਰਾਂ ਨੇ ਵੀ ਸੰਬੋਧਨ ਕੀਤਾ।