ਆਲੂ ਦੀ ਫਸਲ 'ਤੇ ਮੰਡਰਾਇਆ ਝੁਲਸ ਰੋਗ ਦਾ ਖਤਰਾ, ਕਿਸਾਨ ਹੋਏ ਪਰੇਸ਼ਾਨ

01/06/2020 3:14:17 PM

ਹੁਸ਼ਿਆਰਪੁਰ (ਅਮਰਿੰਦਰ)— ਪੂਰੇ ਦੇਸ਼ 'ਚ ਪੰਜਾਬ, ਉਹ ਵੀ ਖਾਸਕਰ ਦੋਆਬਾ ਖੇਤਰ ਅਧੀਨ ਆਉਂਦੇ ਜਲੰਧਰ ਅਤੇ ਹੁਸ਼ਿਆਰਪੁਰ 'ਚ ਸਭ ਤੋਂ ਜ਼ਿਆਦਾ ਆਲੂ ਦੀ ਖੇਤੀ ਹੁੰਦੀ ਹੈ। ਪਿਛਲੇ 5 ਸਾਲਾਂ ਤੋਂ ਆਲੂ ਦੀ ਬੰਪਰ ਪੈਦਾਵਾਰ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਨੇ ਆਲੂ ਦੀ ਖੇਤੀ ਵੱਲੋਂ ਮੂੰਹ ਮੋੜ ਲਿਆ ਸੀ ਪਰ ਇਸ ਸਾਲ ਮੌਸਮ ਅਨੁਕੂਲ ਹੋਣ ਨਾਲ ਇਨ੍ਹਾਂ ਦਿਨਾਂ 'ਚ ਆਲੂ ਉਤਪਾਦਕ ਕਿਸਾਨਾਂ ਦੇ ਚਿਹਰੇ ਖਿੜ ਉੱਠੇ ਸਨ, ਕਿਉਂਕਿ ਬਾਜ਼ਾਰ 'ਚ ਇਸ ਵਾਰ ਘੱਟ ਉਤਪਾਦਨ ਹੋਣ ਨਾਲ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਠੀਕ ਭਾਅ ਮਿਲ ਰਹੇ ਸਨ। ਅਜਿਹੇ 'ਚ ਦਸੰਬਰ ਮਹੀਨੇ ਵਿਚ ਹਲਕੇ ਮੀਂਹ ਕਾਰਨ ਭਾਵੇਂ ਕਿ ਖੇਤਾਂ 'ਚ ਆਲੂ ਖਰਾਬ ਹੋਣ ਦਾ ਖਤਰਾ ਟਲ ਗਿਆ ਹੈ ਪਰ ਜਨਵਰੀ 'ਚ ਮੀਂਹ ਅਤੇ ਧੁੰਦ ਪੈਣ ਕਾਰਣ ਹੁਣ ਆਲੂ ਉੱਤੇ ਝੁਲਸ ਰੋਗ ਦਾ ਖਤਰਾ ਮੰਡਰਾਉਣ ਲੱਗਾ ਹੈ।

ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ
ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਦਸੰਬਰ ਤੋਂ ਵੀ ਜ਼ਿਆਦਾ ਕੜਾਕੇ ਦੀ ਠੰਡ ਅਤੇ ਮੀਂਹ ਜਨਵਰੀ 'ਚ ਪੈਣ ਦੇ ਆਸਾਰ ਵੱਧ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ 'ਚ 6 ਤੋਂ 8 ਜਨਵਰੀ ਦਰਮਿਆਨ ਮੀਂਹ ਵੀ ਪਵੇਗਾ। ਇਸ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵਧਣ ਲੱਗੀਆਂ ਹਨ। ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਿਸਾਨਾਂ ਨੇ ਵੀ ਖੇਤਾਂ 'ਚੋਂ ਪਾਣੀ ਕੱਢਣ ਦੀ ਰਣਨੀਤੀ ਤਿਆਰ ਕਰ ਲਈ ਹੈ।

ਪੰਜ ਸਾਲਾਂ ਤੋਂ ਨੁਕਸਾਨ ਝੱਲ ਰਹੇ ਹਨ ਆਲੂ ਉਤਪਾਦਕ
ਹੁਸ਼ਿਆਰਪੁਰ ਜ਼ਿਲੇ ਦੇ ਆਲੂ ਉਤਪਾਦਕ ਕਿਸਾਨਾਂ ਅਨੁਸਾਰ ਪਿਛਲੇ 5 ਸਾਲਾਂ ਤੋਂ ਆਲੂਆਂ ਦੀ ਫਸਲ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਫਸਲ ਦੀ ਲਾਗਤ ਤੋਂ ਵੀ ਘੱਟ ਮੁੱਲ ਮਿਲੇ ਅਤੇ ਆਲੂ ਸੜਕਾਂਂ 'ਤੇ ਸੁੱਟਣੇ ਤੱਕ ਪਏ ਸਨ। ਇਸ ਸਾਲ ਕਿਸਾਨਾਂ ਨੇ ਆਲੂਆਂ ਦੀ ਬਜਾਏ ਦੂਜੀਆਂ ਫਸਲਾਂ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਉਹ 80 ਏਕੜ 'ਚ ਆਲੂ ਬੀਜਦੇ ਸਨ। ਆਲੂਆਂ ਦੀ ਖੇਤੀ 'ਚ ਨੁਕਸਾਨ ਤੋਂ ਬਾਅਦ ਇਸ ਵਾਰ 30 ਏਕੜ 'ਚ ਹੀ ਆਲੂ ਬੀਜੇ ਹਨ। ਜੇਕਰ ਅਗਲੇ ਹਫ਼ਤੇ ਮੀਂਹ ਪੈਂਦਾ ਹੈ ਤਾਂ ਆਲੂਆਂ ਅਤੇ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਵੇਗਾ।

PunjabKesari

ਆਲੂਆਂ ਦੇ ਰਕਬੇ 'ਚ ਕਰੀਬ 7 ਫੀਸਦੀ ਗਿਰਾਵਟ ਆਈ
ਮੀਂਹ ਕਣਕ ਦੀ ਫਸਲ ਲਈ ਵੀ ਨੁਕਸਾਨਦਾਇਕ ਹੋਵੇਗਾ। ਉਂਝ ਵੀ ਪਿਛਲੇ 5 ਸਾਲਾਂ ਤੋਂ ਆਰਥਕ ਸੰਕਟ 'ਚ ਫਸੇ ਕਿਸਾਨਾਂ ਨੇ ਆਲੂਆਂ ਦੀ ਬੀਜਾਈ ਵੱਲੋਂ ਮੂੰਹ ਮੋੜ ਲਿਆ ਹੈ। ਨਤੀਜਤਨ, ਇਸ ਸਾਲ ਪੰਜਾਬ 'ਚ ਆਲੂਆਂ ਦੇ ਰਕਬੇ 'ਚ ਕਰੀਬ 7 ਫੀਸਦੀ ਗਿਰਾਵਟ ਆਈ ਹੈ। ਝੁਲਸ ਰੋਗ ਤੋਂ ਆਲੂਆਂ ਨੂੰ ਬਚਾਉਣ ਲਈ ਦਵਾਈਆਂ ਦਾ ਛਿੜਕਾਅ ਸ਼ੁਰੂ ਕਰਵਾ ਦਿੱਤਾ ਹੈ। ਖੇਤਾਂ 'ਚੋਂ ਮੀਂਹ ਦਾ ਪਾਣੀ ਕੱਢਣ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਕਾਰਣ ਕਿਸਾਨਾਂ ਦਾ ਫਸਲ 'ਤੇ ਖਰਚ ਵਧ ਜਾਵੇਗਾ।

ਸਭ ਤੋਂ ਵੱਧ ਆਲੂ ਉਤਪਾਦਕ ਸੂਬਾ ਹੈ ਪੰਜਾਬ
ਵਰਣਨਯੋਗ ਹੈ ਕਿ ਪੰਜਾਬ ਆਲੂਆਂ ਦੇ ਉਤਪਾਦਨ ਵਾਲਾ ਸਭ ਤੋਂ ਮੋਹਰੀ ਰਾਜ ਹੈ। ਸਾਲ 2015-16 'ਚ 92,359 ਹੈਕਟੇਅਰ ਰਕਬੇ 'ਚ ਲਗਭਗ 22, 62,404 ਟਨ ਆਲੂਆਂ ਦਾ ਉਤਪਾਦਨ ਹੋਇਆ ਸੀ। 2016-17 'ਚ 97 ਹਜ਼ਾਰ ਹੈਕਟੇਅਰ ਅਤੇ 2018-19 'ਚ 1.03 ਲੱਖ ਹੈਕਟੇਅਰ 'ਚ ਆਲੂਆਂ ਦੀ ਫਸਲ ਦੀ ਬੀਜਾਈ ਕੀਤੀ ਗਈ ਸੀ ਅਤੇ 27 ਲੱਖ ਮੀਟਰਿਕ ਟਨ ਆਲੂਆਂ ਦੀ ਫਸਲ ਹੋਈ ਸੀ। ਸਾਲ 2019-20 'ਚ 95,790 ਹੈਕਟੇਅਰ 'ਚ ਆਲੂਆਂ ਦੀ ਖੇਤੀ ਹੋਈ ਅਤੇ 23 ਤੋਂ 25 ਲੱਖ ਮੀਟਰਿਕ ਟਨ ਫਸਲ ਹੋਣ ਦੀ ਸੰਭਾਵਨਾ ਹੈ।

ਸਭ ਤੋਂ ਜ਼ਿਆਦਾ ਕੁਫਰੀ ਅਤੇ ਪੁਖਰਾਜ ਕਿਸਮਾਂ ਦੀ ਬੀਜਾਈ
ਪੰਜਾਬ 'ਚ ਸਭ ਤੋਂ ਵੱਧ 50-60 ਫੀਸਦੀ ਰਕਬੇ 'ਚ ਕੁਫਰੀ ਤੇ ਪੁਖਰਾਜ ਕਿਸਮਾਂ ਦੀ ਬੀਜਾਈ ਕੀਤੀ ਜਾਂਦੀ ਹੈ। ਇਕੱਲੇ ਹੁਸ਼ਿਆਰਪੁਰ ਦੇ 12,612 ਹੈਕਟੇਅਰ ਰਕਬੇ 'ਚ ਕੁਫਰੀ ਅਤੇ ਜੋਤੀ 30 ਫੀਸਦੀ, ਚਿਪਸੋਨਾ 3 ਫੀਸਦੀ, ਚੰਦਰਮੁਖੀ ਦੀ 6 ਫੀਸਦੀ ਰਕਬੇ 'ਚ ਬੀਜਾਈ ਕੀਤੀ ਜਾ ਰਹੀ ਹੈ।

PunjabKesari

ਕੀ ਹੁੰਦੈ ਆਲੂਆਂ ਦਾ ਝੁਲਸ ਰੋਗ
ਬਾਗਬਾਨੀ ਵਿਭਾਗ ਦੇ ਮਾਹਿਰਾਂ ਅਨੁਸਾਰ ਝੁਲਸ ਲੱਗਣ 'ਤੇ ਆਲੂ ਦੀਆਂ ਵੇਲਾਂ ਦੇ ਕਿਨਾਰਿਆਂ 'ਤੇ ਪਾਣੀ ਨਾਲ ਭਰੇ ਧੱਬੇ ਬਣ ਜਾਂਦੇ ਹਨ, ਜੋ ਕਿ ਬਾਅਦ 'ਚ ਕਾਲੇ ਪੈ ਜਾਂਦੇ ਹਨ। ਇਸ ਤੋਂ ਬਾਅਦ ਵੇਲਾਂ ਦੇ ਹੇਠਲੇ ਪਾਸੇ ਚਿੱਟੀ ਫਫੂੰਦ ਵੀ ਨਜ਼ਰ ਆਉਂਦੀ ਹੈ। ਜੇਕਰ ਸਮੇਂ 'ਤੇ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਆਲੂਆਂ ਉੱਤੇ ਭੂਰੇ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ।

ਝੁਲਸ ਰੋਗ ਤੋਂ ਬਚਾਅ ਦੇ ਉਪਾਅ
ਆਲੂ ਪੁਟਾਈ ਤੋਂ ਪਹਿਲਾਂ ਹੀ ਜ਼ਮੀਨ 'ਚ ਗਲ਼ ਜਾਂਦੇ ਹਨ। ਅਜਿਹੇ 'ਚ ਫਸਲ 'ਤੇ ਰਿਡੋਮਿਲ ਗੋਲਡ ਜਾਂ ਕਰਜੇਟ ਐੱਮ-8 ਜਾਂ ਫਿਰ ਸੇਕਟਿਨ 60 ਡਬਲਊ ਜੀ 700 ਗ੍ਰਾਮ ਜਾਂ ਐਕੂਏਸ਼ਨ ਪ੍ਰੋ 200 ਮਿਲੀਲਿਟਰ ਜਾਂ 250 ਐੱਮ. ਐੱਲ. ਰੀਵਸ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ 'ਚ ਘੱਟ ਤੋਂ ਘੱਟ 2 ਵਾਰ ਸਪਰੇਅ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਇੰਡੋਫਿਲ ਐੱਮ-15, ਇੰਟਰਾਕੋਲ, ਕਵਚ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਮੀਂਹ ਪੈਣ ਦੀ ਸੂਰਤ 'ਚ ਪਾਣੀ ਜ਼ਰੂਰਤ ਅਨੁਸਾਰ ਹੀ ਲਾਉਣਾ ਚੰਗਾ ਰਹਿੰਦਾ ਹੈ।

15.49 ਲੱਖ ਟਨ ਆਲੂ ਭੇਜਿਆ ਜਾਂਦੈ ਦੂਜੇ ਸੂਬਿਆਂ ਨੂੰ
ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ 'ਚ ਕਰੀਬ 9.70 ਲੱਖ ਮੀਟਰਿਕ ਟਨ ਆਲੂ ਦੀ ਜ਼ਰੂਰਤ ਹੈ। ਇਸ ਵਿਚ 5.82 ਲੱਖ ਟਨ ਦੀ ਖਾਣ ਅਤੇ 3.88 ਲੱਖ ਟਨ ਦੀ ਬੀਜ ਲਈ ਜ਼ਰੂਰਤ ਪੈਂਦੀ ਹੈ। 15.49 ਲੱਖ ਟਨ ਆਲੂ ਦੂਜੇ ਸੂਬਿਆਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਇਨ੍ਹਾਂ 'ਚ 9 ਲੱਖ ਟਨ ਬੀਜ ਅਤੇ 6.49 ਲੱਖ ਟਨ ਖਾਣ ਵਾਲਾ ਆਲੂ ਸ਼ਾਮਲ ਹੈ।

 

 


shivani attri

Content Editor

Related News