ਪੰਜਾਬ ''ਚ ਚਾਰ ਸਾਲ ਬਾਅਦ ਆਲੂ ਉਤਪਾਦਕ ਕਿਸਾਨਾਂ ਦੇ ਆਏ ਚੰਗੇ ਦਿਨ

Monday, Feb 10, 2020 - 04:15 PM (IST)

ਪੰਜਾਬ ''ਚ ਚਾਰ ਸਾਲ ਬਾਅਦ ਆਲੂ ਉਤਪਾਦਕ ਕਿਸਾਨਾਂ ਦੇ ਆਏ ਚੰਗੇ ਦਿਨ

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ) : ਚਾਰ ਸਾਲ ਲਗਾਤਾਰ ਨੁਕਸਾਨ ਸਹਿਣ ਦੇ ਬਾਅਦ ਚਾਲੂ ਸੀਜ਼ਨ 'ਚ ਆਲੂ ਉਤਪਾਦਕ ਕਿਸਾਨਾਂ ਨੂੰ ਚੰਗੇ ਰੇਟ ਮਿਲਣ ਲੱਗੇ ਹਨ। ਫਿਲਹਾਲ ਫ਼ਾਰਮ 'ਤੇ ਉਤਪਾਦਕਾਂ ਨੂੰ ਆਲੂ ਦਾ ਰੇਟ 9 ਤੋਂ 10 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਅਜਿਹੇ 'ਚ ਉਤਪਾਦਕਾਂ ਨੂੰ ਖਾਸਾ ਮੁਨਾਫਾ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਪੁਰਾਣਾ ਘਾਟਾ ਪੂਰਾ ਹੋਣ ਦੀ ਉਮੀਦ ਹੈ। ਆਲੂ ਉਤਪਾਦਕ ਕਿਸਾਨਾਂ ਦੀ ਮੰਨੀਏ ਤਾਂ ਆਉਣ ਵਾਲੇ ਵਕਤ 'ਚ ਵੀ ਰੇਟ ਮਜ਼ਬੂਤ ਰਹਿਣਗੇ। ਹਾਲਾਂਕਿ ਬਾਜ਼ਾਰ ਵਿਚ ਇਸ ਸਮੇਂ ਪੰਜਾਬ ਦੇ ਹੀ ਆਲੂ ਮੰਡੀ ਤੱਕ ਪਹੁੰਚ ਰਹੇ ਹਨ। ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਤੋਂ 15-20 ਦਿਨ ਬਾਅਦ ਆਉਣ ਵਾਲੀ ਫਸਲ ਬਾਜ਼ਾਰ ਦਾ ਰੁਖ਼ ਤੈਅ ਕਰੇਗੀ। ਪੰਜਾਬ ਦਾ 80 ਫੀਸਦੀ ਆਲੂ ਸੀਡ ਦੇ ਤੌਰ 'ਤੇ ਵਰਤ ਹੁੰਦਾ ਹੈ। ਉਮੀਦ ਹੈ ਕਿ ਸੀਡ ਦੇ ਰੇਟ ਵੀ ਇਸ ਵਾਰ ਚੰਗੇ ਮਿਲਣਗੇ। ਕਿਸਾਨਾਂ ਨੂੰ ਇਸ ਵਾਰ ਕਾਫ਼ੀ ਰਾਹਤ ਮਿਲ ਸਕਦੀ ਹੈ ।

ਆਲੂ ਦੇ ਰਕਬੇ 'ਚ ਆਈ 15 ਫੀਸਦੀ ਕਮੀ
ਧਿਆਨਯੋਗ ਹੈ ਕਿ ਮੌਸਮ ਦੀ ਮਾਰ ਤਾਂ ਕਦੇ ਬੰਪਰ ਉਤਪਾਦਨ ਦੀ ਵਜ੍ਹਾ ਨਾਲ ਪੰਜਾਬ ਦੇ ਕਿਸਾਨਾਂ ਲਈ ਆਲੂ ਦੀ ਖੇਤੀ ਕਰਨਾ ਲਾਭਕਾਰੀ ਸਾਬਤ ਨਹੀਂ ਹੋ ਰਿਹਾ ਸੀ। ਪਿਛਲੇ ਚਾਰ ਸਾਲ ਵਿਚ ਆਲੂ ਉਤਪਾਦਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਵਾਰ ਆਲੂ ਦੇ ਰਕਬੇ ਵਿਚ ਕਰੀਬ 15 ਫੀਸਦੀ ਦੀ ਕਮੀ ਆਈ ਹੈ। ਦਸੰਬਰ 'ਚ ਲਗਾਤਾਰ ਮੌਸਮ ਅਨੁਕੂਲ ਨਹੀਂ ਰਿਹਾ। ਇਸਦਾ ਝਾੜ ਉੱਤੇ ਵੀ ਅਸਰ ਪਿਆ। ਇਸ ਵਾਰ ਝਾੜ ਵੀ ਕਰੀਬ 10 ਤੋਂ 15 ਫੀਸਦੀ ਤੱਕ ਘੱਟ ਹੈ। ਸਾਫ਼ ਹੈ ਕਿ ਮੰਗ ਦੇ ਮੁਕਾਬਲੇ ਸਪਲਾਈ ਘੱਟ ਹੋਣ ਦੇ ਕਾਰਣ ਬਾਜ਼ਾਰ 'ਚ ਆਲੂ ਦੀ ਕੀਮਤ ਮਜ਼ਬੂਤ ਬਣੀ ਹੋਈ ਹੈ।

ਆਲੂ ਦੀ ਖੇਤੀ ਤੋਂ ਮੂੰਹ ਮੋੜਨ ਲੱਗੇ ਸਨ ਕਿਸਾਨ
ਇਸ ਤੋਂ ਪਹਿਲਾਂ ਆਲੂ ਦੇ ਚੰਗੇ ਮੁੱਲ ਨਾ ਮਿਲਣ ਦੇ ਕਾਰਣ ਕਿਸਾਨ ਵਰਗ ਕਾਫ਼ੀ ਨਿਰਾਸ਼ ਸੀ। ਆਲੂ ਦੀ ਫਸਲ ਉਗਾਉਣ ਦੇ ਬਾਅਦ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸਦੀ ਵਜ੍ਹਾ ਨਾਲ ਆਲੂ ਦੀ ਖੇਤੀ ਤੋਂ ਕਿਸਾਨ ਮੂੰਹ ਮੋੜਨ ਲੱਗੇ ਸਨ। ਇਸ ਸੀਜ਼ਨ ਵਿਚ ਆਲੂ ਦੇ ਚੰਗੇ ਰੇਟ ਮਿਲਣ ਕਾਰਣ ਉਤਪਾਦਕਾਂ ਦੇ ਚਿਹਰੇ ਖਿੜ ਗਏ ਹਨ। ਕਿਸਾਨਾਂ ਨੂੰ ਉਮੀਦ ਹੈ ਕਿ ਇਸ ਸੀਜ਼ਨ ਵਿਚ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇਗੀ ।

ਆਮ ਲੋਕਾਂ ਨੂੰ ਆਲੂ 20 ਰੁਪਏ ਦੇ ਭਾਅ ਨਾਲ ਮਿਲ ਰਿਹੈ
ਇੱਥੇ ਇਹ ਵੀ ਵਰਨਣਯੋਗ ਹੈ ਕਿ ਮੰਗ ਅਤੇ ਸਪਲਾਈ ਵਿਚ ਕਮੀ ਦੀ ਵਜ੍ਹਾ ਨਾਲ ਆਲੂ ਉਤਪਾਦਕ ਕਿਸਾਨਾਂ ਨੂੰ ਜਿੱਥੇ ਆਲੂ ਦੇ 9 ਤੋਂ 10 ਰੁਪਏ ਪ੍ਰਤੀ ਕਿੱਲੋ ਦਾ ਭਾਅ ਮਿਲ ਰਿਹਾ ਹੈ, ਉਥੇ ਹੀ ਮੰਡੀ ਪੁੱਜਣ ਦੇ ਬਾਅਦ ਬਾਜ਼ਾਰ ਵਿਚ ਵਿਕਣੇ ਲਈ ਤਿਆਰ ਆਲੂ ਲੋਕਾਂ ਨੂੰ 20 ਰੁਪਏ ਦੇ ਭਾਅ ਨਾਲ ਮਿਲ ਰਿਹਾ ਹੈ। ਜੇਕਰ ਗੱਲ ਪਿਛਲੇ ਸਾਲ ਦੀਆਂ ਕਰੀਏ ਤਾਂ ਬਾਜ਼ਾਰ ਵਿਚ ਆਲੂ ਦਾ ਭਾਵ 10 ਰੁਪਏ ਨਾਲੋਂ ਵੀ ਹੇਠਾਂ ਸੀ ।

 


author

Anuradha

Content Editor

Related News