ਕੈਪਟਨ ਸਰਕਾਰ ਨੇ 327 ਕਰੋੜ ਕੀਤੇ ਖੁਰਦ-ਬੁਰਦ : ਟੀਨੂੰ, ਖਹਿਰਾ

08/14/2018 3:19:48 AM

ਜਲੰਧਰ (ਬਿਊਰੋ)- ਪੰਜਾਬ ਦੀ ਕੈਪਟਨ ਸਰਕਾਰ ਨੇ ਦਲਿਤ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕੇਂਦਰ ਸਰਕਾਰ ਤੋਂ ਆਇਆ 327.50 ਕਰੋੜ ਖੁਰਦ-ਬੁਰਦ ਕਰ ਦਿੱਤਾ ਪਰ ਜੇਕਰ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਇਹ ਪੈਸਾ ਨਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ 'ਚ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਸੁਖਵਿੰਦਰ ਸੁੱਖੀ ਅਤੇ ਬਲਦੇਵ ਸਿੰਘ ਖਹਿਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਟੀਨੂੰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਲਿਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ 115 ਕਰੋੜ ਰੁਪਿਆ ਆਇਆ, ਉਹ ਕੈਪਟਨ ਸਰਕਾਰ ਨੇ ਮਨਮਰਜ਼ੀ ਨਾਲ ਹੋਰ ਪਾਸੇ ਵਰਤ ਲਿਆ। ਕੇਂਦਰ ਤੋਂ ਆਏ ਸਕਾਲਰਸ਼ਿਪ ਦੇ 327.50 ਕਰੋੜ 'ਚ ਪੰਜਾਬ ਸਰਕਾਰ ਨੇ ਬਣਦਾ ਆਪਣਾ 90 ਕਰੋੜ ਦਾ ਸ਼ੇਅਰ ਵੀ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਲਿਤ ਵਰਗ ਦੇ ਵਿਦਿਆਰਥੀਆਂ ਦਾ ਭਵਿੱਖ ਖਤਮ ਕਰਨ 'ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਐੱਮ. ਐੱਚ. ਆਰ. ਸੀ. ਦੀ ਰਿਪੋਰਟ ਮੁਤਾਬਕ 2010-11 ਤੋਂ 2015-16 ਤਕ ਸੂਬੇ 'ਚ ਸਕਾਲਰਸ਼ਿਪ ਲੈਣ ਵਾਲੇ ਦਲਿਤ ਵਿਦਿਆਰਥੀਆਂ ਦੀ ਗਿਣਤੀ 20 ਫੀਸਦੀ ਵਧੀ ਸੀ ਪਰ ਕੈਪਟਨ ਸਰਕਾਰ ਵੱਲੋਂ ਸਕਾਲਰਸ਼ਿਪ ਦਾ ਪੈਸਾ ਹੋਰ ਪਾਸੇ ਵਰਤ ਕੇ ਖੁਰਦ-ਬੁਰਦ ਕਰਨ ਨਾਲ ਹੁਣ ਦਲਿਤ ਵਿਦਿਆਰਥੀਆਂ ਦੀ 30 ਫੀਸਦੀ ਗਿਣਤੀ ਘੱਟ ਗਈ ਹੈ। ਹੁਣ ਕਾਲਜ ਤੇ ਯੂਨੀਵਰਸਿਟੀਆਂ ਦਲਿਤ ਵਿਦਿਆਰਥੀਆਂ ਨੂੰ ਨਕਦ ਪੈਸੇ ਲੈ ਕੇ ਦਾਖਲਾ ਲੈਣ ਦੀਆਂ ਸ਼ਰਤਾਂ ਲਾ ਰਹੀਆਂ ਹਨ, ਜਿਸ ਕਰਕੇ ਗਰੀਬ ਵਰਗ ਦੇ ਬੱਚੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਗਏ ਹਨ। 
ਸਕਾਲਰਸ਼ਿਪ 'ਚ ਹੋ ਰਹੇ ਗਬਨ ਕਾਰਨ ਲਗਭਗ ਇਕ ਲੱਖ ਤੋਂ ਵੱਧ ਗਰੀਬ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਨ੍ਹਾਂ ਵਿਧਾਇਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 20 ਕਰੋੜ ਦੀ ਸਕਾਲਰਸ਼ਿਪ ਗ੍ਰਾਂਟ ਆਈ ਸੀ ਤੇ ਉਹ ਵੀ ਸਰਕਾਰ ਦੀ ਨਾਲਾਇਕੀ ਕਾਰਨ ਵਾਪਸ ਚਲੀ ਗਈ। ਪੰਜਾਬ ਦੇ ਵੈੱਲਫੇਅਰ ਮੰਤਰੀ ਸਾਧੂ ਸਿੰਘ ਧਰਮਸੌਤ 'ਤੇ ਵਰ੍ਹਦਿਆਂ ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਮੰਤਰੀ ਨੂੰ ਸਮਝ ਹੀ ਨਹੀਂ ਹੈ ਅਤੇ ਉਹ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸੇਠ ਸਤਪਾਲ ਮੱਲ, ਤਰਸੇਮ ਸਿੰਘ ਬਾਲੋਕੀ, ਸੁਰਜੀਤ ਬੀਟਾ ਤੇ ਬਲਬੀਰ ਸਿੰਘ ਮੌਜੂਦ ਸਨ।


Related News