ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਨਵੇਂ ਵਿਦਿਆਰਥੀਆਂ ਨੂੰ ਕਾਰਡ ਜਾਰੀ ਕਰਨ ਲਈ ਪੋਰਟਲ ਖੁੱਲ੍ਹਿਆ

Wednesday, Apr 27, 2022 - 02:53 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਕਾਰਡ ਜਾਰੀ ਕਰਨ ਲਈ 21 ਅਪ੍ਰੈਲ ਤੋਂ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੂਲ ਰੂਪ ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਿ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਤੇ ਉਹ 10ਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਜਾਂ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿਚ ਉਚੇਰੀ ਸਿੱਖਿਆ ਲੈਣ ਲਈ ਵਜੀਫ਼ੇ ਦੇ ਯੋਗ ਹਨ, ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐੱਸ. ਸੀ. ਤਹਿਤ ਸਾਲ 2022-23 ਲਈ ਨਵੇਂ ਵਿਦਿਆਰਥੀਆਂ ਨੂੰ ਫ਼੍ਰੀਸ਼ਿਪ ਕਾਰਡ ਜਾਰੀ ਕਰਨ ਲਈ ਭਲਾਈ ਵਿਭਾਗ ਦੀ ਵੈੱਬਸਾਈਟ www.scholarships.gov.in ਡਾ. ਅੰਬੇਦਕਰ ਪੋਰਟਲ ਖੋਲ੍ਹਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਕੀਮ ਦੇ ਨਿਯਮਾਂ ਤਹਿਤ ਸਿਰਫ਼ ਨਵੇਂ ਵਿਦਿਆਰਥੀ ਹੀ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਵੱਲੋਂ ਫ਼੍ਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ’ਤੇ ਰਜਿਸਟਰਡ ਕਰਨ ਲਈ ਆਧਾਰ ਨੰਬਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਅਪਲਾਈ ਕਰਨ ਸਮੇਂ ਲੋੜੀਂਦੇ ਦਸਤਾਵੇਜ਼ ਜਿਵੇਂ ਫ਼ੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਪਿਛਲੀ ਜਮਾਤ ਦਾ ਨਤੀਜਾ ਕਾਰਡ ਤੇ ਨੰਬਰ ਕਾਰਡ ਵੀ ਅਪਲੋਡ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਹੋਣ ਉਪਰੰਤ ਯੋਗ ਵਿਦਿਆਰਥੀ ਆਪਣਾ ਫ਼੍ਰੀਸ਼ਿਪ ਕਾਰਡ ਡਾਊਨਲੋਡ ਕਰਕੇ ਜਿਸ ਸੰਸਥਾ ਵਿੱਚ ਦਾਖ਼ਲਾ ਲੈਣਾ ਹੈ, ਉਸ ਸੰਸਥਾ ਵਿਚ ਜਮ੍ਹਾਂ ਕਰਵਾਉਣਗੇ। ਉਨਾਂ ਦੱਸਿਆ ਕਿ ਫ੍ਰੀਸ਼ਿਪ ਕਾਰਡ ਸਬੰਧੀ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਤਹਿਸੀਲ ਨਾਲ ਸਬੰਧਿਤ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।


Babita

Content Editor

Related News