''ਪੋਸਟ ਮੈਟ੍ਰਿਕ ਸਕਾਲਰਸ਼ਿਪ'' ''ਚ 14 ਕਰੋੜ ਦੇ ਘੋਟਾਲੇ ਦਾ ਪਰਦਾਫਾਸ਼
Friday, Jun 28, 2019 - 12:57 PM (IST)

ਚੰਡੀਗੜ੍ਹ : ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਕਲਿਆਣ ਵਿਭਾਗ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ 14.93 ਕਰੋੜ ਰੁਪਏ ਦੇ ਘੋਟਾਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਵਿਭਾਗ ਦੇ ਨਿਰਦੇਸ਼ਕ ਆਈ. ਏ. ਐੱਸ. ਸੰਜੀਵ ਵਰਮਾ ਨੇ ਮਾਮਲੇ ਦੀ ਜਾਂਚ ਕਰਕੇ ਇਸ ਦਾ ਖੁਲਾਸਾ ਕੀਤਾ ਹੈ। ਨਾਲ ਹੀ ਚੰਡੀਗੜ੍ਹ ਪੁਲਸ ਨੂੰ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਚਿੱਠੀ ਲਿਖੀ ਹੈ ਪਰ ਵੀਰਵਾਰ ਨੂੰ ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਕਰ ਕੇ ਅਕਾਈਵ ਵਿਭਾਗ 'ਚ ਵਿਸ਼ੇਸ਼ ਸਕੱਤਰ ਲਾ ਦਿੱਤਾ ਹੈ। ਉੱਥੇ ਹੀ ਉਨ੍ਹਾਂ ਦੀ ਥਾਂ ਪੀ. ਡਬਲਿਊ. ਡੀ. ਦੀ ਵਿਸ਼ੇਸ਼ ਸਕੱਤਰ ਗੀਤਾ ਭਾਰਤੀ ਨੂੰ ਲਾਇਆ ਗਿਆ ਹੈ, ਜੋ ਪਹਿਲਾਂ ਵੀ ਇਸ ਮਹਿਕਮੇ 'ਚ ਨਿਰਦੇਸ਼ਕ ਦੇ ਅਹੁਦੇ 'ਤੇ ਰਹਿ ਚੁੱਕੀ ਹੈ।
ਦੱਸ ਦੇਈਏ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਾਂ 'ਤੇ ਫਰਜ਼ੀਵਾੜੇ ਦੀ ਜਾਣਕਾਰੀ ਮਿਲਣ 'ਤੇ ਸੰਜੀਵ ਵਰਮਾ ਨੇ ਮਾਮਲੇ ਦੀ ਜਾਂਚ ਲਈ ਵਿਭਾਗ ਦੇ 3 ਅਧਿਕਾਰੀਆਂ ਦੀ ਕਮੇਟੀ ਬਣਾਈ ਸੀ। ਕਮੇਟੀ ਨੇ 2016-17 ਤੋਂ 2018-19 ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੰਡ ਦੀ ਜਾਂਚ ਕੀਤੀ ਤਾਂ ਵੱਡਾ ਫਰਜ਼ੀਵਾੜਾ ਮਿਲਿਆ। ਅਜੇ ਜਾਂਚ ਚੱਲ ਰਹੀ ਹੈ ਕਿ ਇਸੇ ਦੌਰਾਨ ਸੰਜੀਵ ਵਰਮਾ ਦਾ ਤਬਾਦਲਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਕਾਲਰਸ਼ਿਪ 'ਚ 3.5 ਕਰੋੜ ਦੇ ਫਰਜ਼ੀਵਾੜੇ ਦੀ ਜਾਂਚ ਮੁੱਖ ਮੰਤਰੀ ਮਨੋਹਰ ਲਾਲ ਖੁਦ ਵਿਜੀਲੈਂਸ ਨੂੰ ਸੌਂਪ ਚੁੱਕੇ ਹਨ।