ਪਟਿਆਲਾ ਦੇ ਤੀਜੇ ਪਾਜ਼ੇਟਿਵ ਮਰੀਜ਼ ਨੇ ਖੋਲ੍ਹੀ ਡਾਕਟਰਾਂ ਦੀ ਪੋਲ
Thursday, Apr 16, 2020 - 04:56 PM (IST)
ਪਟਿਆਲਾ (ਪਰਮੀਤ) : 'ਡਾਕਟਰਾਂ ਨੇ ਤਾਂ ਮੈਨੂੰ ਖਾਂਸੀ ਦੀ ਆਮ ਦਵਾਈ ਦੇ ਦਿੱਤੀ ਸੀ। ਕੋਰੋਨਾ ਵਾਇਰਸ ਟੈਸਟ ਤਾਂ ਮੈਂ ਆਪ ਜ਼ਿੱਦ ਕਰ ਕੇ ਕਰਵਾਇਆ।' ਇਹ ਪ੍ਰਗਟਾਵਾ ਪਟਿਆਲਾ 'ਚ ਪਾਜ਼ੇਟਿਵ ਆਏ ਤੀਜੇ ਮਰੀਜ਼ ਨੇ ਕੀਤਾ ਹੈ। 'ਜਗ ਬਾਣੀ' ਨਾਲ ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਹ ਆਖਰੀ ਵਾਰ 31 ਮਾਰਚ ਨੂੰ ਛੋਟੇ ਅਰਾਈਂ ਮਾਜਰਾ 'ਚ ਰਾਸ਼ਨ ਵੰਡਣ ਗਿਆ ਸੀ। ਇਸ ਉਪਰੰਤ ਹੀ ਉਹ ਬੀਮਾਰ ਰਹਿਣ ਲੱਗ ਪਿਆ ਅਤੇ ਘਰ ਆਰਾਮ ਕਰਨ ਲੱਗਾ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਖੁਦ ਸਰਕਾਰੀ ਰਾਜਿੰਦਰਾ ਹਸਪਤਾਲ ਆਇਆ। ਡਾਕਟਰਾਂ ਨੇ ਉਸ ਨੂੰ ਖਾਂਸੀ ਦੀ ਆਮ ਦਵਾਈ ਦੇ ਦਿੱਤੀ। ਉਸ ਨੇ ਡਾਕਟਰਾਂ ਨੂੰ ਕਿਹਾ ਕਿ ਮੇਰਾ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇ। ਉਪਰੰਤ ਉਹ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋ ਗਿਆ ਅਤੇ ਉਹ ਸੋਮਵਾਰ ਤੋਂ ਇਥੇ ਹੀ ਹੈ।
ਇਕ ਸਵਾਲ ਦੇ ਜਵਾਬ 'ਚ ਉਸ ਨੇ ਦੱਸਿਆ ਕਿ ਇਕ ਸੰਸਥਾ ਦਾ ਉਹ ਫਾਊਂਡਰ ਚੇਅਰਮੈਨ ਹੈ। ਹੋਰ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਇਸ ਸੰਕਟ ਦੀ ਘੜੀ 'ਚ ਮਨੁੱਖਤਾ ਦੀ ਸੇਵਾ ਕਰਨਾ ਉਸ ਨੇ ਆਪਣਾ ਫਰਜ਼ ਸਮਝਿਆ। ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਚਲਾਈ। ਛੋਟਾ ਅਰਾਈਂ ਮਾਜਰਾ 'ਚ ਰਾਸ਼ਨ ਵੰਡਣ ਮਗਰੋਂ ਸਿਹਤ ਢਿੱਲੀ ਹੋਣ 'ਤੇ ਉਹ ਖੁਦ ਘਰ ਹੀ ਆਰਾਮ ਕਰਨ ਲੱਗ ਪਿਆ।
ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
ਬੰਦਾ ਪੰਚਕੂਲਾ ਵੀ ਗਿਆ, ਜ਼ੀਰਕਪੁਰ ਵੀ : ਸਿਵਲ ਸਰਜਨ
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜੋ ਤੀਜਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ, ਉਹ ਪੰਚਕੂਲਾ ਅਤੇ ਜ਼ੀਰਕਪੁਰ ਆਦਿ ਖੇਤਰਾਂ 'ਚ ਘੁੰਮ ਕੇ ਆਇਆ ਹੈ। ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ। ਵੇਖ ਰਹੇ ਹਾਂ ਕਿ ਇਸ ਨੂੰ ਕਿੱਥੋਂ ਇਨਫੈਕਸ਼ਨ ਹੋਈ ਹੈ? ਦੂਜੇ ਕੇਸ ਦੀ ਹਿਸਟਰੀ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ ਉਸ ਨੂੰ ਵੀ ਇਨਫੈਕਸ਼ਨ ਹੋਣ ਦੇ ਮਾਮਲੇ ਦੀ ਪੜਤਾਲ ਜਾਰੀ ਹੈ। ਅਸੀਂ ਟਰੇਸ ਕਰ ਰਹੇ ਹਾਂ।
ਪ੍ਰਸ਼ਾਸਨ ਨੇ ਲਿਆ ਸਖਤ ਫੈਸਲਾ
ਜ਼ਿਲਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ 'ਚੋਂ ਕੋਰੋਨਾ ਦਾ ਇਕ ਹੋਰ ਪਾਜ਼ੇਟਿਵ ਕੇਸ ਮਿਲਣ ਉਪਰੰਤ ਤੁਰੰਤ ਪ੍ਰਭਾਵ ਨਾਲ ਪਟਿਆਲਾ ਸ਼ਹਿਰ 'ਚ ਲੰਗਰ ਵੰਡਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਸਿਵਲ ਸਰਜਨ ਨੂੰ ਪਟਿਆਲਾ ਦੀ ਮਿਊਂਸੀਪਲ ਹੱਦ 'ਚ ਰਹਿੰਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਟਿਆਲਾ ਸ਼ਹਿਰ 'ਚ ਕੋਰੋਨਾ ਦਾ ਨਵਾਂ ਪਾਜ਼ੇਟਿਵ ਕੇਸ ਮਿਲਣ ਕਾਰਨ ਪਟਿਆਲਾ ਸ਼ਹਿਰ 'ਚ ਹੁਣ ਕੋਈ ਵੀ ਲੰਗਰ ਨਹੀਂ ਵੰਡ ਸਕੇਗਾ। ਉਨ੍ਹਾਂ ਦੱਸਿਆ ਕਿ ਸਿਰਫ਼ ਰੈੱਡ ਕਰਾਸ ਨੂੰ ਹੀ ਇਹ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ ► ਪਟਿਆਲਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦਾ ਸਖਤ ਫੈਸਲਾ
ਪੰਜਾਬ 'ਚ ਕੋਰੋਨਾ ਦਾ ਕਹਿਰ
ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ 'ਚ ਹੁਣ ਤੱਕ 193 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 56 ਕੇਸ ਹਨ। ਮਲੇਰਕੋਟਲਾ 1, ਗੁਰਦਾਸਪੁਰ ਤੋਂ 1 ਕੇਸ, ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 27 ਕੇਸ, ਲੁਧਿਆਣਾ 'ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 6, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 24, ਫਰੀਦਕੋਟ 3 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ ► ਚੰਡੀਗੜ੍ਹ : ਪੀ. ਜੀ. ਆਈ. ਦੇ ਮੇਲ ਨਰਸ ਨੇ ਕੋਰੋਨਾ ਨੂੰ ਦਿੱਤੀ ਮਾਤ