ਪੁਰਤਗਾਲ ਲਈ ਮੰਗੇ 11.50 ਲੱਖ, ਭੇਜ ਦਿੱਤਾ ਸਾਊਥ ਅਫਰੀਕਾ

Wednesday, Jun 09, 2021 - 02:46 AM (IST)

ਪੁਰਤਗਾਲ ਲਈ ਮੰਗੇ 11.50 ਲੱਖ, ਭੇਜ ਦਿੱਤਾ ਸਾਊਥ ਅਫਰੀਕਾ

ਜਲੰਧਰ(ਮਹੇਸ਼)- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਟਰੈਵਲ ਏਜੰਟ ਪੀਟਰ ਮਸੀਹ ਪੁੱਤਰ ਬਚਨ ਮਸੀਹ ਨਿਵਾਸੀ ਪਿੰਡ ਧੀਣਾ ਜਲੰਧਰ ਦੇ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 406 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਇਕ ਐੱਫ. ਆਈ. ਆਰ. ਦਰਜ ਕੀਤੀ ਹੈ। 
ਏ. ਸੀ. ਪੀ. ਕ੍ਰਾਈਮ ਕੰਵਲਜੀਤ ਸਿੰਘ ਦੀ ਜਾਂਚ ਤੋਂ ਬਾਅਦ ਉਕਤ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਕੀਤੀ। ਸ਼ਿਕਾਇਤਕਰਤਾ ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਜਮਸ਼ੇਰ ਖਾਸ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਪੀਟਰ ਮਸੀਹ ਨੇ ਉਸ ਕੋਲੋਂ ਪੁਰਤਗਾਲ ਭੇਜਣ ਲਈ 11 ਲੱਖ 50 ਹਜ਼ਾਰ ਰੁਪਏ ਮੰਗੇ ਸੀ। ਉਸ ਨੇ ਐਡਵਾਂਸ ਸਾਢੇ 5 ਲੱਖ ਰੁਪਏ ਲੈ ਕੇ ਉਸ ਨੂੰ ਪੁਰਤਗਾਲ ਦੀ ਬਜਾਏ ਸਾਊਥ ਅਫਰੀਕਾ ਭੇਜ ਦਿੱਤਾ। ਉਸਦਾ ਕਹਿਣਾ ਸੀ ਕਿ  ਤੁਹਾਡਾ ਸਾਊਥ ਅਫਰੀਕਾ ਦਾ ਵੀਜ਼ਾ ਲਗਾ ਦਿੱਤਾ ਗਿਆ ਹੈ ਅਤੇ ਉਥੋਂ ਪੁਰਤਗਾਲ ਲਈ 15 ਦਿਨ 'ਚ ਵੀਜ਼ਾ ਲੱਗ ਜਾਵੇਗਾ। 
ਦੋਸ਼ੀ ਸਪੇਨ ਦਾ ਜਾਅਲੀ ਵੀਜ਼ਾ ਦਿਖਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਗੁਮਰਾਹ ਕਰਦਾ ਰਿਹਾ। ਬਹੁਤ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਨੂੰ ਪੁਰਤਗਾਲ ਨਹੀਂ ਭੇਜਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋਈ ਹੈ।
 ਜਦੋਂ ਸਾਊਥ ਅਫਰੀਕਾ ਤੋਂ ਵਾਪਸ ਆ ਕੇ ਉਸ ਨੇ ਏਜੰਟ ਕੋਲੋਂ ਆਪਣੇ ਪੈਸੇ ਮੰਗੇ ਤਾਂ ਉਹ ਡੇਢ ਸਾਲ ਤਕ ਉਸ ਨੂੰ ਟਾਲਦਾ ਰਿਹਾ। ਸ਼ਿਕਾਇਤਕਰਤਾ ਨੇ ਕਿਹਾ ਕਿ ਦੋਸ਼ੀ ਨੇ 9 ਲੱਖ 75 ਹਜ਼ਾਰ ਦੀ ਠੱਗੀ ਕੀਤੀ ਹੈ ਜੋ ਕਿ ਉਹ ਉਸ ਕੋਲੋਂ ਲੈਣ ਦੇ ਹੱਕਦਾਰ ਹਨ। ਫ਼ਰਾਰ ਦੋਸ਼ੀ ਦੀ ਭਾਲ 'ਚ ਪੁਲਸ ਵਲੋਂ ਰੇਡ ਕੀਤੀ ਜਾ ਰਹੀ ਹੈ ਪਰ ਹੁਣ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


author

Bharat Thapa

Content Editor

Related News