ਧੋਖੇ ਨਾਲ ਘਰ ਬੁਲਾ ਬਣਾਈ ਅਸ਼ਲੀਲ ਵੀਡੀਓ, ਮੰਗੀ 3 ਲੱਖ ਦੀ ਫਿਰੌਤੀ
Thursday, Aug 29, 2019 - 12:40 PM (IST)

ਲੁਧਿਆਣਾ (ਗੌਤਮ) – ਧਾਂਦਰਾਂ ਰੋਡ ’ਤੇ ਰਹਿਣ ਵਾਲੇ ਬੁਟੀਕ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਦੁੱਧ ਵੇਚਣ ਵਾਲੇ ਖਿਲਾਫ ਜ਼ਬਰਦਸਤੀ ਕਰਨ ਦਾ ਦੋਸ਼ ਲਾਉਂਦੇ ਹੋਏ ਉਸ ਨੂੰ ਨੰਗਾ ਕਰਕੇ ਕਮਰੇ ’ਚ ਕੈਦ ਕਰ ਲਿਆ। ਕੁੱਟ-ਮਾਰ ਕਰਕੇ ਪਿਸਤੌਲ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਬਲੈਕਮੇਲ ਕਰਕੇ 3 ਲੱਖ ਰੁਪਏ ’ਚ ਸੌਦਾ ਕਰ ਕੇ ਛੱਡ ਦਿੱਤਾ। ਜਾਂਦੇ ਸਮੇਂ ਉਸ ਤੋਂ ਉਸ ਦੀ ਗੱਡੀ ਦੇ ਦਸਤਾਵੇਜ਼, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਸਾਜ਼ਿਸ਼ ਕਰਨ ਵਾਲਿਆਂ ਨੇ ਸ਼ਾਮ ਨੂੰ ਉਸ ਨੂੰ ਫਿਰ ਬੁਲਾ ਕੇ 90 ਹਜ਼ਾਰ ਰੁਪਏ ਵਸੂਲ ਲਏ ਅਤੇ ਉਸ ਨੂੰ ਬਕਾਇਆ ਰਾਸ਼ੀ ਦੇਣ ਲਈ ਧਮਕਾਉਂਦੇ ਰਹੇ। ਦੁੱਧ ਵੇਚਣ ਵਾਲੇ ਨੇ ਦੁਖੀ ਹੋ ਕੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜਾਂਚ ਤੋਂ ਬਾਅਦ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ। ਪੁਲਸ ਨੇ ਪਿੰਡ ਧਮੋਟ ਦੇ ਰਹਿਣ ਵਾਲੇ ਜਤਿੰਦਰਪਾਲ ਦੇ ਬਿਆਨ ’ਤੇ ਬੁਟੀਕ ਮਾਲਕਣ ਕਮਲ, ਸਿਟੀ ਇਨਕਲੇਵ ਦੀ ਰਾਣੀ ਕੌਰ, ਬਸੰਤ ਐਵੇਨਿਊ ਦੀ ਨਰਿੰਦਰ ਕੌਰ, ਅਹਿਮਦਗਡ਼੍ਹ ਦੇ ਭਿੰਦਾ, ਪਿੰਡ ਚੀਮਾ ਮੰਡੀ ਦੇ ਗੁਰਦੀਪ ਸਿੰਘ, ਕੁੰਦਨਪੁਰੀ ਦੇ ਪ੍ਰਿਤਪਾਲ ਸਿੰਘ ਪਾਲੀ ਅਤੇ ਨਿਰਮਲ ਸਿੰਘ ਪਿੰਡ ਰਾਏਪੁਰ ਦਾਖਾ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਪੀਡ਼ਤ ਦੇ ਬਿਆਨ ’ਤੇ ਬੰਦੀ ਬਣਾਉਣ, ਬਲੈਕਮੇਲ ਕਰਨ, ਸਾਮਾਨ ਖੋਹਣ, ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀ ਹਾਲ ਦੀ ਘਡ਼ੀ ਪੁਲਸ ਗ੍ਰਿਫਤ ਤੋਂ ਬਾਹਰ ਹੈ।
ਪੀੜਤ ਨੇ ਦੱਸਿਅਾ ਕਿ ਉਹ ਆਪਣੇ ਫੋਰ-ਵ੍ਹੀਲਰ ਟਾਟਾ ਏਸ ਰਾਹੀਂਂ ਲੁਧਿਆਣਾ ਦੇ ਢੋਲੋਵਾਲ, ਦੁੱਗਰੀ, ਸਿਵਲ ਲਾਈਨ, ਗਿੱਲ ਰੋਡ ’ਤੇ ਦੁੱਧ ਸਪਲਾਈ ਕਰਨ ਤੋਂ ਬਾਅਦ ਵਾਪਸ ਪਿੰਡ ਧਮੋਟ ਜਾ ਰਹਾ ਸੀ ਤਾਂ ਸਾਹਨੇਵਾਲ ਕੋਲ ਉਸ ਦੇ ਮੋਬਾਇਲ ’ਤੇ ਖੁਦ ਨੂੰ ਬੁਟੀਕ ਮਾਲਕਣ ਦੱਸਣ ਵਾਲੀ ਕਮਲ ਦਾ ਫੋਨ ਆਇਆ ਜਿਸ ਨੇ ਦੁੱਧ ਲੈਣ ਦੀ ਗੱਲ ਕਹੀ ਅਤੇ ਉਸ ਨੇ ਆਪਣੇ ਘਰ ਦਾ ਪਤਾ ਦੱਸ ਦਿੱਤਾ। ਅਗਲੇ ਦਿਨ ਸਵੇਰੇ ਉਹ ਕਮਲ ਦੇ ਫੋਨ ’ਤੇ ਦੁੱਧ ਸਪਲਾਈ ਕਰਨ ਲਈ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਸਿਹਡ਼ਾ ਪੈਲੇਸ ਦੇ ਕੋਲ ਬੁਲਾਇਆ। ਉੱਥੇ ਕਮਲ ਐਕਟਿਵਾ ’ਤੇ ਆਈ ਅਤੇ ਉਸ ਨੂੰ ਫੋਰ-ਵ੍ਹੀਲਰ ਪਿੱਛੇ ਲਾਉਣ ਲਈ ਕਿਹਾ। ਔਰਤ ਦੇ ਘਰ ਪੁੱਜਣ ’ਤੇ ਉਹ ਬਾਹਰ ਖਡ਼੍ਹਾ ਹੋ ਗਿਆ ਅਤੇ ਔਰਤ ਦੇ ਵਾਰ-ਵਾਰ ਬੁਲਾਉਣ ’ਤੇ ਉਸ ਦੇ ਘਰ ਚਾਹ ਪੀਣ ਲਈ ਚਲਾ ਗਿਆ। ਜਿਉਂ ਹੀ ਅੰਦਰ ਗਿਆ ਤਾਂ ਕੁਝ ਮਿੰਟ ਬਾਅਦ ਹੋਰ ਵਿਅਕਤੀ ਵੀ ਪੁੱਜ ਗਏ, ਜੋ ਕਿ ਇਕ-ਦੂਜੇ ਦਾ ਨਾਂ ਲੈ ਕੇ ਬੁਲਾ ਰਹੇ ਸਨ। ਦੋਸ਼ੀ ਨਿਰਮਲ ਨੇ ਰਿਵਾਲਵਰ ਕੱਢ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕੱਪਡ਼ੇ ਉਤਰਵਾ ਦਿੱਤੇ ਅਤੇ ਉਸ ਨੂੰ ਧਮਕਾਉਣ ਲੱਗਾ ਕਿ ਉਸ ਨੇ ਕਮਲ ਦੇ ਨਾਲ ਜ਼ਬਰਦਸਤੀ ਕੀਤੀ ਹੈ ਅਤੇ ਉਹ ਰੌਲਾ ਪਾ ਕੇ ਹੋਰਨਾਂ ਲੋਕਾਂ ਨੂੰ ਬੁਲਾਉਣ ਦੀ ਧਮਕੀ ਦੇਣ ਲੱਗਾ। ਦੋਸ਼ੀਆਂ ਨੇ ਉਸ ਨੂੰ ਨਗਨ ਹਾਲਤ ’ਚ ਹੀ ਕਮਰੇ ਵਿਚ ਬੰਦ ਕਰ ਦਿੱਤਾ।
ਕੁਝ ਸਮੇਂ ਬਾਅਦ ਬਾਹਰ ਕੱਢ ਕੇ ਕੁੱਟ-ਮਾਰ ਕਰਦੇ ਹੋਏ ਉਸ ਨੂੰ ਗਲਤ ਨਤੀਜੇ ਭੁਗਤਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਆਖਰ ਵਿਚ ਦੋਸ਼ੀਆਂ ਨੇ 3 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਇੱਜ਼ਤ ਬਚਾਉਣੀ ਹੈ ਤਾਂ ਸ਼ਾਮ ਨੂੰ ਪੈਸੇ ਪਹੁੰਚਾ ਦੇਵੇ। ਛੱਡਦੇ ਸਮੇਂ ਦੋਸ਼ੀਆਂ ਨੇ ਉਸ ਦੀ ਗੱਡੀ ਦੇ ਦਸਤਾਵੇਜ਼, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਸ਼ਾਮ ਨੂੰ ਫੋਨ ਆਉਣ ’ਤੇ ਉਹ ਆਪਣੇ ਫੋਰ-ਵ੍ਹੀਲਰ ’ਤੇ ਗਿਆ ਤਾਂ ਮੌਕੇ ’ਤੇ ਦੋਸ਼ੀ ਨਿਰਮਲ ਸਿੰਘ, ਪ੍ਰਿਤਪਾਲ ਅਤੇ ਇਕ ਔਰਤ ਪੁੱਜੇ, ਜਿਨ੍ਹਾਂ ਨੂੰ ਉਸ ਨੇ 90 ਹਜ਼ਾਰ ਰੁਪਏ ਦੇ ਦਿੱਤੇ। ਦੋਸ਼ੀਆਂ ਨੇ ਪੈਸੇ ਲੈਣ ਤੋਂ ਬਾਅਦ ਉਸ ਨੂੰ ਫਿਰ ਬਲੈਕਮੇਲ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਮੈਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਅਤੇ ਪੁਲਸ ਨੇ ਕਾਰਵਾਈ ਕਰ ਦਿੱਤੀ।