ਸਾਢੇ 17 ਕਿੱਲੋ ਭੁੱਕੀ ਬਰਾਮਦ, ਪੁਲਸ ਨੇ ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਮਾਮਲਾ
Sunday, Nov 13, 2022 - 04:04 PM (IST)

ਭਵਾਨੀਗੜ੍ਹ (ਵਿਕਾਸ) : ਨੇੜਲੇ ਪਿੰਡ ਤੁਰੀ ਵਿਖੇ ਇਕ ਘਰ ਦੇ ਨਾਲ ਲੱਗਦੀ ਗਲੀ ’ਚੋਂ ਪੁਲਸ ਨੇ ਸਾਢੇ 17 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਪ੍ਰਦੀਪ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਪਿੰਡ ਦੇ ਬਲਵਿੰਦਰ ਸਿੰਘ ਨੇ ਸੂਚਨਾ ਦਿੰਦਿਆਂ ਦੱਸਿਆ ਕਿ ਬੀਤੇ ਕੱਲ੍ਹ ਸਵੇਰੇ ਕਰੀਬ 7 ਕੁ ਵਜੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸਦੇ ਘਰ ਦੇ ਬਾਹਰ ਵਾਲੀ ਕੰਧ ਡਿੱਗੀ ਪਈ ਸੀ ਤੇ ਜਦੋਂ ਕੋਲ ਜਾ ਕੇ ਦੇਖਿਆ ਤਾਂ ਘਰ ਦੀ ਕੰਧ ਦੇ ਨਾਲ ਵਾਲੀ ਗਲੀ ਵਿਚ ਇੱਕ ਥੈਲਾ ਪਿਆ ਸੀ ਜਿਸ ਦਾ ਮੂੰਹ ਖੁੱਲਾ ਸੀ ਨੂੰ ਚੈੱਕ ਕਰਨ 'ਤੇ ਉਸ 'ਚੋਂ ਡੋਡੇ ਭੁੱਕੀ ਚੂਰਾ ਪੋਸਤ ਦਿਖ ਰਿਹਾ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਖਣ ’ਤੇ ਜਾਪਦਾ ਸੀ ਕਿ ਕੋਈ ਨਾ ਮਾਲੂਮ ਵਾਹਨ ਦਾ ਚਾਲਕ ਭੁੱਕੀ ਚੂਰਾ ਪੋਸਤ ਇੱਥੇ ਸੁੱਟ ਕੇ ਆਪਣੇ ਵਹੀਕਲ ਸਮੇਤ ਮੌਕੇ ਤੋਂ ਭੱਜ ਗਿਆ। ਸੂਚਨਾ ਮਿਲਣ ਉਪਰੰਤ ਪੁਲਸ ਦੇ ਤਫਤੀਸ਼ੀ ਅਫਸਰ ਲੇਡੀ ਥਾਣੇਦਾਰ ਕਰਮਜੀਤ ਕੌਰ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਮੌਕੇ ’ਤੇ ਪੁੱਜ ਕੇ 17 ਕਿੱਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।