ਆਸ਼ੂਤੋਸ਼ ਮਹਾਰਾਜ ਦਾ ਸਾਬਕਾ ਡਰਾਈਵਰ ਪੂਰਨ ਸਿੰਘ ਹਾਦਸੇ ਦਾ ਸ਼ਿਕਾਰ, ਬੇਟੇ ਨੂੰ ਡੇਰੇ ਵਾਲਿਆਂ ''ਤੇ ਸ਼ੱਕ!

01/12/2017 12:50:28 PM

ਜਲੰਧਰ : ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ''ਤੇ ਸਵਾਲ ਚੁੱਕਣ ਵਾਲਾ ਉਨ੍ਹਾਂ ਦਾ ਡਰਾਈਵਰ ਪੂਰਨ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਪੂਰਨ ਸਿੰਘ ਨੂਰਮਹਿਲ ''ਚ ਨਹਿਰ ਦੇ ਨੇੜੇ ਜ਼ਖਮੀ ਹਾਲਤ ''ਚ ਮਿਲਿਆ। ਪੂਰਨ ਸਿੰਘ ਦੇ ਬੇਟੇ ਕਮਲਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਤੁਹਾਡੇ ਪਿਤਾ ਸੜਕ ''ਤੇ ਡਿਗੇ ਪਏ ਹਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਜਗ੍ਹਾ ''ਤੇ ਪੁੱਜੇ ਅਤੇ ਪੂਰਨ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ। ਕਮਲਜੀਤ ਸਿੰਘ ਨੇ ਦੱਸਿਆ ਕਿ ਪੂਰਨ ਸਿੰਘ ਸਵੇਰੇ ਨਕੋਦਰ ਗਏ ਸਨ। ਉਨ੍ਹਾਂ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਲੱਗ ਰਿਹਾ ਕਿਉਂਕਿ ਉਨ੍ਹਾਂ ਦੇ ਪਿਤਾ ''ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਹਨ। ਉਨ੍ਹਾਂ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ 16 ਤਰੀਕ ਨੂੰ ਇਸ ਮਾਮਲੇ ਦੀ ਹਾਈਕੋਰਟ ''ਚ ਸੁਣਵਾਈ ਹੋਣ ਕਾਰਨ ਇਹ ਉਨ੍ਹਾਂ ਦੇ ਪਿਤਾ ''ਤੇ ਕਰਵਾਇਆ ਗਿਆ ਹਮਲਾ ਹੋ ਸਕਦਾ ਹੈ। ਹਸਪਤਾਲ ''ਚ ਜੇਰੇ ਅਧੀਨ ਪੂਰਨ ਸਿੰਘ ਨੇ ਵੀ ਆਪਣੇ ਬਿਆਨਾਂ ''ਚ ਕਿਹਾ ਹੈ ਕਿ ਦੇਰ ਰਾਤ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਡੇਰੇ ''ਤੇ ਸ਼ੱਕ ਪ੍ਰਗਟਾਇਆ ਹੈ। ਫਿਲਹਾਲ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਹਮਣੇ ਆਵੇਗਾ, ਉਸ ਦੇ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ 29 ਜਨਵਰੀ, 2014 ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਤੋਂ ਆਈ ਡਾਕਟਰਾਂ ਦੀ ਟੀਮ ਨੇ ਆਸ਼ੂਤੋਸ਼ ਮਹਾਰਾਜ ਨੂੰ ਕਲੀਨਕਲੀ ਡੈੱਡ ਐਲਾਨਿਆ ਸੀ ਪਰ ਡੇਰਾ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਮਹਾਰਾਜ ਤਿੰਨ ਦਿਨਾਂ ਦੀ ਸਮਾਧੀ ''ਚ ਹਨ। ਤਿੰਨ ਸਾਲ ਲੰਘ ਜਾਣ ਤੋਂ ਬਾਅਦ ਵੀ ਡੇਰਾ ਪ੍ਰਬੰਧਨ ਨੇ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਅਜੇ ਤੱਕ ਫਰੀਜ਼ਰ ''ਚ ਰੱਖਿਆ ਹੋਇਆ ਹੈ। 25 ਫਰਵਰੀ, 2014 ਨੂੰ ਆਸ਼ੂਤੋਸ਼ ਮਹਾਰਾਜ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਕਤਲ ਦਾ ਸ਼ੱਕ ਜ਼ਾਹਰ ਕਰਦੇ ਹੋਏ ਪ੍ਰਸ਼ਾਸਨ ਤੋਂ ਮਹਾਰਾਜ ਦੇ ਪੋਸਟ ਮਾਰਟਮ ਦੀ ਮੰਗ ਕੀਤੀ ਸੀ ਅਤੇ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪਣ ਦੀ ਵੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਸੰਸਥਾ ਦੇ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਹੋਣ ਕਾਰਨ ਮਹਾਰਾਜ ਦਾ ਕਤਲ ਕਰ ਦਿੱਤਾ ਗਿਆ ਸੀ। ਪੂਰਨ ਸਿੰਘ ਨੇ ਹਾਈਕੋਰਟ ''ਚ ਮਾਮਲਾ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਹਾਰਾਜ ਦੀ ਮ੍ਰਿਤਕ ਦੇਹ ਸੌਂਪੀ ਜਾਵੇ ਤਾਂ ਜੋ ਉਹ ਪਿੰਡ ਜਾ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ। ਫਿਲਹਾਲ ਇਹ ਮਾਮਲਾ ਅਜੇ ਹਾਈਕੋਰਟ ''ਚ ਵਿਚਾਰ ਅਧੀਨ ਹੈ। 
 

Babita Marhas

News Editor

Related News