ਟੋਭੇ ਦੀ ਬਦਬੂ ਕਾਰਨ ਸਕੂਲ ’ਚ ਪੜ੍ਹ ਰਹੇ ਅੱਧਾ ਦਰਜਨ ਵਿਦਿਆਰਥੀ ਅਤੇ ਅਧਿਆਪਕਾਂ ਦੀ ਸਿਹਤ ਵਿਗੜੀ

Thursday, Jul 26, 2018 - 01:39 AM (IST)

ਟੋਭੇ ਦੀ ਬਦਬੂ ਕਾਰਨ ਸਕੂਲ ’ਚ ਪੜ੍ਹ ਰਹੇ ਅੱਧਾ ਦਰਜਨ ਵਿਦਿਆਰਥੀ ਅਤੇ ਅਧਿਆਪਕਾਂ ਦੀ ਸਿਹਤ ਵਿਗੜੀ

ਸੰਦੌੜ/ਮਾਲੇਰਕੋਟਲਾ,   (ਰਿਖੀ, ਜ਼ਹੂਰ)-  ਬਿੰਜੋਕੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਸਵੇਰੇ ਹੀ ਸਕੂਲ ’ਚ ਆਏ ਵਿਦਿਆਰਥੀਆਂ ਦੀ ਤਬੀਅਤ ਉਸ ਮੌਕੇ ਵਿਗਡ਼ ਗਈ ਜਦੋਂ ਉਹ ਸਕੂਲ ਦੇ ਟੋਭੇ ਨਾਲ ਲੱਗਦੇ ਕਮਰੇ ’ਚ ਬੈਠੇ ਸਨ। ਸਕੂਲ ਇੰਚਾਰਜ ਮੈਡਮ ਅਨਵਰੀ ਬਾਨੋ ਨੇ ਦੱਸਿਆ ਕਿ ਸਕੂਲ ਦੇ ਪੰਜ ਵਿਦਿਆਰਥੀਆਂ ਦੀ ਹਾਲਤ ਉਲਟੀਆਂ ਤੇ ਬੇਹੋਸ਼ੀ ਦੌਰਾਨ ਇੰਨੀ ਗੰਭੀਰ ਹੋ ਗਈ ਕਿ ਉਨ੍ਹਾਂ  ਨੂੰ ਮੈਡੀਕਲ ਸਹਾਇਤਾ ਲਈ ਸਰਕਾਰੀ ਹਸਪਤਾਲ ਮਾਲੇਰਕੋਟਲਾ  ’ਚ ਦਾਖਲ ਕਰਵਾਉਣਾ ਪਿਆ। ਸਕੂਲ ਇੰਚਾਰਜ ਦੇ ਦੱਸਣ ਅਨੁਸਾਰ ਇਹ ਹਾਦਸਾ ਸਕੂਲ ਦੇ ਨਾਲ ਲੱਗਦੇ ਟੋਭੇ ਕਾਰਨ ਹੋਇਆ ਹੈ, ਜਿਥੋ ਹਰ ਦਿਨ ਬਦਬੂ ਆਉਂਦੀ ਰਹਿੰਦੀ ਹੈ ਤੇ ਅੱਜ ਤਾਂ ਬਦਬੂ ਇੰਨੀ ਸੀ ਕਿ ਕੁਝ ਅਧਿਆਪਕਾਂ ਨੂੰ ਵੀ ਉਲਟੀਆਂ ਆਈਆਂ ਤੇ ਸਕੂਲ ਦੇ ਤੀਸਰੀ ਤੇ ਚੌਥੀ ਜਮਾਤ ਦੇ ਬੱਚੇ ਬੇਹੋਸ਼ ਵੀ ਹੋ ਗਏ। ਉਨ੍ਹਾਂ ਦੱਸਿਆ ਕਿ ਜਿਹਡ਼ੇ ਵਿਦਿਆਰਥੀ ਬੀਮਾਰ ਹੋਏ ਹਨ, ਦੇ ਕਮਰੇ ਦੀਆਂ ਖਿਡ਼ਕੀਆਂ ਟੋਭੇ ਵੱਲ ਖੁੱਲ੍ਹਦੀਆਂ ਹਨ ਅਤੇ ਇਸ ਟੋਭੇ ’ਚ ਲੋਕ ਮੁਰਦਾ ਕੁੱਤੇ, ਮੁਰਗੇ ਤੇ ਹੋਰ ਜਾਨਵਰ ਤੇ ਵਾਧੂ ਸਾਮਾਨ ਸੁੱਟ ਜਾਂਦੇ ਹਨ, ਜਿਨ੍ਹਾਂ  ਕਰਕੇ ਹਰ ਰੋਜ਼ ਸਾਰੇ ਬੱਚਿਆਂ ਤੇ ਸਟਾਫ ਨੂੰ ਬਦਬੂ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਕਸਰ ਉਹ ਆਪਣੇ ਵਸੀਲਿਆਂ ਨਾਲ ਇਸ ਦੀ ਸਫਾਈ ਕਰਵਾਉਣ ਲਈ ਮਜਬੂਰ ਹਨ।
 ਦੱਸਣਯੋਗ ਹੈ ਕਿ ਪਿੰਡ ਬਿੰਜੋਕੀ ਕਲਾਂ ਤੇ ਖੁਰਦ ਆਪਸ ’ਚ ਇੰਨੇ ਨੇਡ਼ੇ ਹਨ ਅਤੇ ਇਕ ਪਿੰਡ ਦਾ ਟੋਭਾ ਤੇ ਦੂਸਰੇ ਦੇ ਸਕੂਲ ਦੀ ਕੰਧ ਸਾਂਝੀ ਹੈ ਪਰ ਇਸ ਵੱਡੀ ਸਮੱਸਿਆ ’ਤੇ ਅਨਭੋਲ ਬੱਚਿਆਂ ਦੀ ਜ਼ਿੰਦਗੀ ਦੇ ਸਵਾਲ ਨੂੰ ਜਿੱਥੇ ਭਾਈਚਾਰਕ ਸਾਂਝ ਨਾਲ ਨਜਿੱਠ ਲੈਣਾ ਬਣਦਾ ਸੀ, ਉਥੇ ਲੱਗ ਰਹੀ ਦੇਰੀ ’ਤੇ ਕਰੀਬ 137 ਬੱਚਿਆਂ ਤੇ 6 ਅਧਿਆਪਕਾਂ ਦੀ ਜਾਨ ਜੋਖਮ ’ਚ ਪਾਉਣਾ ਆਗੂਆਂ ਲਈ ਸਵਾਲ ਖਡ਼੍ਹੇ ਕਰਦਾ ਹੈ।
 ਟੋਭੇ ਦਾ ਪਾਣੀ ਹੋ ਜਾਂਦਾ ਹੈ ਸਕੂਲ ’ਚ  ਦਾਖਲ
ਸਕੂਲ ਇੰਚਾਰਜ ਨੇ ਦੱਸਿਆ ਕਿ ਅਕਸਰ ਬਾਰਿਸ਼ ਦੇ ਮੌਕੇ ਇਸ ਟੋਭੇ ਦਾ ਪਾਣੀ ਸਕੂਲ ’ਚ ਆ ਵਡ਼ਦਾ ਹੈ, ਜਿਸ ਨਾਲ ਗੰਦਗੀ ਤੇ ਬਦਬੂ ਜਿੱਥੇ ਸਕੂਲ ਦੀ ਪਡ਼੍ਹਾਈ ਦਾ ਸਾਰਾ ਮਾਹੌਲ ਖਰਾਬ ਕਰਦੀ ਹੈ, ਉਥੇ ਬੀਮਾਰੀਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਕਈ ਵਾਰ ਸਕੂਲ ’ਚ ਆ ਚੁੱਕੇ ਹਨ ਸੱਪ
ਸਕੂਲ ਇੰਚਾਰਜ ਦੇ ਦੱਸਣ ਮੁਤਾਬਕ ਪਿਛਲੇ ਦਿਨੀਂ ਜਦੋਂ ਟੋਭੇ ਦਾ ਪਾਣੀ ਸਕੂਲ ’ਚ ਦਾਖਲ ਹੋਇਆ ਤਾਂ ਉਸ ਨਾਲ ਹੀ ਸੱਪ ਵੀ ਸਕੂਲ ’ਚ ਅਾ ਗਿਆ, ਜਿਸ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ।  ਉਨ੍ਹਾਂ  ਦੱਸਿਆ ਕਿ ਅਜਿਹਾ ਕਈ ਵਾਰ ਹੋਇਆ ਹੈ ਕਿਉਂਕਿ ਟੋਭੇ ਵੱਲ ਕੋਈ ਸਫਾਈ ਨਹੀਂ ਹੁੰਦੀ ਹੈ।
ਸਕੂਲ ਦੇ 4 ਕਮਰਿਆਂ ’ਚੋਂ  1 ਅਣਸੁਰੱਖਿਅਤ, ਅਧਿਆਪਕ ਬਾਹਰ ਜਮਾਤਾਂ ਲਾਉਣ ਲਈ ਮਜਬੂਰ
 ਜਾਣਕਾਰੀ  ਅਨੁਸਾਰ ਸਕੂਲ ’ਚ ਕੁਲ ਚਾਰ ਕਮਰੇ ਹੀ ਹਨ, ਜਿਨ੍ਹਾਂ  ’ਚੋਂ ਇਕ ਵਿਭਾਗ ਵੱਲੋਂ ਅਣ-ਸੁਰੱਖਿਅਤ ਕਰਾਰ ਦਿੱਤਾ ਜਾ ਚੁੱਕਿਆ ਹੈ ਅਤੇ ਨਰਸਰੀ ਤੋਂ ਪੰਜਵੀਂ ਤੱਕ ਕੁੱਲ ਛੇ ਜਮਾਤਾਂ ਬਣਦੀਆਂ ਹਨ ਜੇਕਰ ਸਿੱਖਿਆ ਵਿਭਾਗ ਮੁਤਾਬਕ ਵੰਡ ਕਰੀਏ ਤਾਂ ਨਰਸਰੀ, ਐੱਲ. ਕੇ. ਜੀ., ਯੂ. ਕੇ. ਜੀ.  ਨਾਲ ਅੱਠ ਜਮਾਤਾਂ ਬਣਦੀਆਂ ਹਨ ਜਦਕਿ ਜਮਾਤਾਂ ਲਾਉਣ ਲਈ ਕੁੱਲ ਤਿੰਨ ਕਮਰੇ ਹੀ ਹਨ।  ਇਸ ਲਈ ਗਰਮੀ/ਸਰਦੀ ’ਚ ਬਾਕੀ ਜਮਾਤਾਂ ਪਡ਼੍ਹਾਉਣ ਨੂੰ ਅਧਿਆਪਕ ਬੱਚਿਆਂ ਸਮੇਤ ਬਾਹਰ ਬੈਠਣ ਲਈ ਮਜਬੂਰ ਹਨ।
ਇਹ ਟੋਭਾ   ਪਿੰਡ ਬਿੰਜੋਕੀ ਖੁਰਦ ਦਾ ਹੈ : ਸਰਪੰਚ
 ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਅਨਵਰ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ  ਦੱਸਿਆ ਕਿ ਇਹ ਸਕੂਲ ਸਾਡੇ ਪਿੰਡ ਬਿੰਜੋਕੀ ਕਲਾਂ ਦਾ ਹੈ ਅਤੇ ਟੋਭਾ ਬਿਲਕੁਲ ਹੀ ਨਾਲ ਲੱਗਦੇ ਪਿੰਡ ਬਿੰਜੋਕੀ ਖੁਰਦ ਦਾ ਹੈ ਅਤੇ ਇੱਥੇ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਗੰਦਗੀ ਜਾਂ ਮੁਰਦਾ ਜਾਨਵਰ ਨਹੀਂ ਸੁੱਟਦਾ। ਉਨ੍ਹਾਂ  ਕਿਹਾ ਕਿ ਜਦੋਂ ਗ੍ਰਾਮ ਪੰਚਾਇਤ ਬਿੰਜੋਕੀ ਕਲਾਂ ਨੇ ਬੱਚਿਆਂ ਨੂੰ ਆ ਰਹੀ ਸਮੱਸਿਆ ਬਾਰੇ ਬਿੰਜੋਕੀ ਖੁਰਦ ਨਾਲ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਜਿਸ ਜ਼ਮੀਨ ’ਚ ਸਕੂਲ ਹੈ, ਉਹ ਵੀ ਸਾਡੀ ਹੈ, ਜਿਸ ਤੋਂ ਬਾਅਦ ਤਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।
ਲੋਕ ਲਾਉਂਦੇ ਆ ਰਹੇ ਹਨ ਗੁਹਾਰ, ਸਿੱਖਿਆ ਵਿਭਾਗ ਤੇ ਸਿਵਲ ਪ੍ਰਸ਼ਾਸਨ ਚੁੱਪ
ਅੱਧੀ ਦਰਜਨ ਬੱਚਿਆਂ ਦੀ ਜਾਨ ਜੋਖਮ ’ਚ ਪਾਉਣ ਵਾਲੀ ਇਹ ਸਮੱਸਿਆ ਕੋਈ ਅੱਜ ਦੀ ਨਹੀਂ ਹੈ।  ਇਸ ਸਬੰਧੀ ਪਹਿਲਾਂ ਕਈ ਵਾਰ ਲੋਕ ਵਿਭਾਗਾਂ ਦੇ ਧਿਆਨ ’ਚ ਲਿਆ ਚੁੱਕੇ ਹਨ ਪਰ ਕਿਸੇ ਨੇ ਵੀ ਸਰਕਾਰੀ ਸਕੂਲ ਦੇ ਇਨ੍ਹਾਂ ਬੱਚਿਆਂ ਬਾਰੇ ਕੋਈ ਉਦਮ ਕਰਨ ਦੀ ਲੋਡ਼ ਨਹੀਂ ਸਮਝੀ। ਲੋਕਾਂ ਦਾ ਤਾਂ ਕਹਿਣਾ ਹੈ ਕਿ ਸੂਬੇ ’ਚ ਸਵੱਛਤਾ ਮੁਹਿੰਮ ਵੀ ਚੱਲੀ ਪਰ ਕੀ ਦੇਸ਼ ਦਾ ਭਵਿੱਖ ਇਨ੍ਹਾਂ  ਬੱਚਿਆਂ ’ਤੇ ਗ੍ਰਹਿਣ ਵਾਂਗ ਲੱਗੇ ਇਸ ਟੋਭੇ ਦੀ ਗੰਦਗੀ ਕਦੇ ਕਿਸੇ ਨੂੰ ਨਹੀਂ ਦਿਖੀ?
 


Related News