ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

Friday, Dec 30, 2022 - 05:56 PM (IST)

ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਫਿਲੌਰ (ਭਾਖੜੀ)- ਦੁਬਈ ’ਚ ਕੰਮ ਦਿਵਾਉਣ ਦੇ ਨਾਂ ’ਤੇ ਪੰਜਾਬ ਦੀਆਂ ਗ਼ਰੀਬ ਕੁੜੀਆਂ ਦੀ ਦਲਾਲੀ ਹੋ ਰਹੀ ਹੈ, ਉੱਥੇ ਪੁੱਜਦੇ ਹੀ ਕੁੜੀਆਂ ਨੂੰ ਅੱਗੇ ਇਕ ਤੋਂ ਬਾਅਦ ਦੂਜੇ ਸ਼ਹਿਰ ’ਚ ਭੇਡਾਂ-ਬੱਕਰੀਆਂ ਵਾਂਗ ਵੇਚਿਆ ਜਾਂਦਾ ਹੈ। ਰਾਤ-ਦਿਨ ਕੁੜੀਆਂ ਨਾਲ ਆਪਣੀ ਹਵਸ ਬੁਝਾਉਂਦੇ ਹਨ, ਖਾਣੇ ਦੇ ਨਾਂ ’ਤੇ ਕੁੜੀਆਂ ਨੂੰ ਵੱਖ-ਵੱਖ ਜਾਨਵਰਾਂ ਦਾ ਮੀਟ ਦਿੱਤਾ ਜਾਂਦਾ ਹੈ। ਪੰਜਾਬ ’ਚ ਦੁਬਈ ਵਿਚ ਬੈਠੇ ਏਜੰਟਾਂ ਦੇ ਦਲਾਲ ਘੁੰਮ ਰਹੇ ਹਨ। ਇਕ ਦੁਬਈ ਦੀ ਹੀ ਲੜਕੀ ਨੇ ਵੀਡੀਓ ਮੈਸੇਜ ਭੇਜ ਕੇ ਉੱਥੋਂ ਦੇ ਹਾਲਾਤ ਦੱਸੇ ਹਨ ਅਤੇ ਮੁੱਖ ਮੰਤਰੀ ਨੂੰ ਉਸ ਨੂੰ ਕਿਸੇ ਵੀ ਤਰ੍ਹਾਂ ਜਿਊਂਦੀ ਵਾਪਸ ਬੁਲਾ ਲੈਣ ਦੀ ਮੰਗ ਕੀਤੀ ਹੈ।

ਡੇਢ ਮਹੀਨਾ ਪਹਿਲਾਂ 35000 ਰੁਪਏ ’ਚ ਕੁੜੀ ਪੰਜਾਬ ਤੋਂ ਪੁੱਜ ਗਈ ਦੁਬਈ
ਡੀ. ਐੱਸ. ਪੀ. ਸਬ-ਡਿਵੀਜ਼ਨ ਫਿਲੌਰ ਜਗਦੀਸ਼ ਰਾਜ ਨੂੰ ਦਿੱਤੀ ਗਈ ਸ਼ਿਕਾਇਤ ’ਚ ਨੇੜਲੇ ਪਿੰਡ ਦੇ ਰਹਿਣ ਵਾਲੇ ਪੀੜਤ ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਗੋਰਾਇਆ ਦਾ ਰਹਿਣ ਵਾਲਾ ਇਕ ਏਜੰਟ ਜੋ ਉਨ੍ਹਾਂ ਦੀ ਜਾਣ ਪਛਾਣ ਦਾ ਸੀ, ਉਸ ਨੇ ਉਨ੍ਹਾਂ ਦੀ ਵੱਡੀ ਕੁੜੀ ਜੋ ਵਿਆਹੀ ਹੋਈ ਹੈ, ਜਿਸ ਦੀ ਆਪਣੇ ਪਤੀ ਨਾਲ ਅਣਬਣ ਚੱਲ ਰਹੀ ਹੈ, ਉਸ ਨੂੰ ਆਪਣੇ ਝਾਂਸੇ ’ਚ ਲੈ ਕੇ ਦੁਬਈ ਭੇਜਣ ਦੇ ਨਾਂ ’ਤੇ ਕਈ ਵੱਡੇ ਖੁਆਬ ਵਿਖਾ ਦਿੱਤੇ। ਜਦੋਂ ਕੁੜੀ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਵਿਦੇਸ਼ ਜਾ ਸਕੇ ਤਾਂ ਏਜੰਟ ਨੇ ਕਿਹਾ ਕਿ ਉਹ ਇਹ ਸਭ ਉਸ ’ਤੇ ਛੱਡ ਦੇਵੇ। ਉਹ ਬੱਸ 35 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਲਵੇ, ਜੋ ਉਨ੍ਹਾਂ ਦੀ ਬੇਟੀ ਨੇ ਵਿਆਜ਼ ’ਤੇ ਫੜ ਲਏ ਅਤੇ ਡੇਢ ਮਹੀਨਾ ਪਹਿਲਾਂ ਏਜੰਟ ਨੇ ਉਨ੍ਹਾਂ ਦੀ ਬੇਟੀ ਨੂੰ ਦੁਬਈ ਦੇ ਸ਼ਾਰਜਾਹ ’ਚ ਕੰਮ ਕਰਨ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ :  ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼

ਦੁਬਈ ਪੁੱਜਦੇ ਹੀ ਲੜਕੀ ਨੂੰ ਬੁਰਕਾ ਪਹਿਨਾ ਕੇ ਇਕ ਗੱਡੀ ’ਚ ਪਾ ਕੇ 3 ਦਿਨ ਬਾਅਦ ਓਮਾਨ ਪਹੁੰਚਾ ਦਿੱਤਾ
ਉਨ੍ਹਾਂ ਦੀ ਬੇਟੀ ਨੇ ਉੱਥੋਂ ਕਿਸੇ ਤਰ੍ਹਾਂ ਫ਼ੋਨ ਕਰਕੇ ਦੱਸਿਆ ਕਿ ਜਿਉਂ ਹੀ ਉਹ ਦੁਬਈ ਏਅਰਪੋਰਟ ’ਤੇ ਉੱਤਰ ਕੇ ਬਾਹਰ ਨਿਕਲੀ ਤਾਂ ਉੱਥੇ ਉਨ੍ਹਾਂ ਦੇ ਲੋਕ ਪਹਿਲਾਂ ਹੀ ਇਕ ਗੱਡੀ ਲੈ ਕੇ ਖੜ੍ਹੇ ਸਨ, ਜਿਸ ਵਿਚ ਉਸ ਵਰਗੀਆਂ 3 ਹੋਰ ਲੜਕੀਆਂ ਸਨ। ਉੱਥੇ ਉਸ ਨੂੰ ਬੁਰਕਾ ਪਹਿਨਾ ਦਿੱਤਾ ਅਤੇ 3 ਦਿਨ ਤੱਕ ਲਗਾਤਾਰ ਗੱਡੀ ’ਚ ਚੱਲਣ ਤੋਂ ਬਾਅਦ ਉਸ ਨੂੰ ਓਮਾਨ ਪਹੁੰਚਾ ਦਿੱਤਾ। ਉਸ ਨੂੰ ਓਮਾਨ ਪੁੱਜਣ ਦਾ ਪਤਾ ਉਦੋਂ ਲੱਗਾ, ਜਦੋਂ ਉਸ ਦਾ ਉੱਥੇ ਦਾਖ਼ਲ ਹੋਣ ਤੋਂ ਪਹਿਲਾਂ ਮੈਡੀਕਲ ਹੋਇਆ ਅਤੇ ਪਾਸਪੋਰਟ ’ਤੇ ਓਮਾਨ ਦੀ ਮੋਹਰ ਲਗਾ ਦਿੱਤੀ ਗਈ।

ਕੁੜੀਆਂ ਤੋਂ ਪੂਰਾ ਦਿਨ ਕੰਮ ਕਰਵਾਉਂਦੇ ਕੰਮ, ਰਾਤ ਨੂੰ ਪਰੋਸ ਦਿੰਦੇ ਹੈਵਾਨਾਂ ਅੱਗੇ
ਕੁੜੀ ਨੇ ਆਪਣੀ ਛੋਟੀ ਭੈਣ ਨੂੰ ਫ਼ੋਨ ਕਰਕੇ ਦੱਸਿਆ ਕਿ ਦੁਬਈ ’ਚ ਉਸ ਵਰਗੀਆਂ ਕੁੜੀਆਂ ਦੇ ਹਾਲਾਤ ਬਹੁਤ ਖ਼ਰਾਬ ਹਨ, ਜਿੱਥੇ ਅਮੀਰ ਸ਼ੇਖਾਂ ਦੇ ਵੱਡੇ ਫਾਰਮ ਹਾਊਸ ਹਨ। ਉਨ੍ਹਾਂ ਫਾਰਮ ਹਾਊਸਾਂ ’ਚ ਆਏ ਦਿਨ ਦਾਅਵਤਾਂ ਹੁੰਦੀਆਂ ਹਨ, ਜਿੱਥੇ ਪੂਰਾ ਦਿਨ ਉਨ੍ਹਾਂ ਤੋਂ ਸਾਫ-ਸਫਾਈ ਅਤੇ ਖਾਣਾ ਬਣਾਉਣ ਵਰਗੇ ਕੰਮ ਲਏ ਜਾਂਦੇ ਹਨ। ਰਾਤ ਨੂੰ ਜਦੋਂ ਉਹ ਥੱਕ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਫਿਰ ਤਿਆਰ ਕਰਕੇ ਹੈਵਾਨਾਂ ਅੱਗੇ ਪਰੋਸ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਨਾਲ ਆਪਣੀ ਹਵਸ ਬੁਝਾਉਂਦੇ ਹਨ। ਕੁੜੀਆਂ ਨੂੰ ਨਾ ਤਾਂ ਉਨ੍ਹਾਂ ਵੱਲੋਂ ਬਣਾਇਆ ਖਾਣਾ ਖਾਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਸੌਣ ਦੀ। ਉਨ੍ਹਾਂ ਦੀ ਹਵਸ ਬੁੱਝਦੇ ਹੀ ਕੁੜੀਆਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਖਾਣੇ ਦੇ ਨਾਂ ’ਤੇ ਪਤਾ ਨਹੀਂ ਕਿਹੜੇ-ਕਿਹੜੇ ਜਾਨਵਰਾਂ ਦਾ ਮੀਟ ਅਤੇ ਨਾਲ ਹੀ ਚੌਲ ਦਿੱਤੇ ਜਾਂਦੇ ਹਨ। ਜਿਹੜੀ ਕੁੜੀ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੀ, ਉਸ ਨੂੰ ਉਨ੍ਹਾਂ ਦੇ ਆਦਮੀ ਬੁਰੀ ਤਰ੍ਹਾਂ ਕੁੱਟਦੇ-ਮਾਰਦੇ ਹਨ।

ਇਹ ਵੀ ਪੜ੍ਹੋ : ਸੁਖਬੀਰ ਨੂੰ ਲੋਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ, ਅਸੀਂ 24 ਘੰਟੇ ਕਰ ਰਹੇ ਹਾਂ ਜਨਤਾ ਦੀ ਸੇਵਾ: ਗੁਰਮੀਤ ਖੁੱਡੀਆਂ

ਕੁੜੀ ਨੂੰ ਵਾਪਸ ਭੇਜਣ ਬਦਲੇ ਏਜੰਟ ਮੰਗ ਰਿਹਾ ਹੈ ਦੂਜੀ ਕੁੜੀ
ਪੀੜਤ ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਏਜੰਟ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਉਨ੍ਹਾਂ ਨੂੰ ਦੁਬਈ ਤੋਂ ਫੋਨ ਆਇਆ। ਫੋਨ ਕਰਨ ਵਾਲੀ ਔਰਤ ਏਜੰਟ ਦੀ ਸਾਥੀ ਸੀ, ਜੋ ਨੇੜੇ ਦੇ ਪਿੰਡ ਦਾਰਾਪੁਰ ਦੀ ਰਹਿਣ ਵਾਲੀ ਹੈ। ਮੌਜੂਦਾ ਸਮੇਂ ਵਿਚ ਉਹ ਦੁਬਈ ਵਿਚ ਰਹਿ ਕੇ ਵੱਡੇ ਪੱਧਰ ’ਤੇ ਗਰੀਬ ਕੁੜੀਆਂ ਦੀ ਦਲਾਲੀ ਕਰਕੇ ਉਨ੍ਹਾਂ ਨੂੰ ਹੈਵਾਨਾਂ ਅੱਗੇ ਪਰੋਸਦੀ ਹੈ। ਉਸ ਨੇ ਉਨ੍ਹਾਂ ਨੂੰ ਸਪੱਸ਼ਟ ਕਿਹਾ ਕਿ ਪੁਲਸ ਕੋਲ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨਹੀਂ। ਜੇਕਰ ਉਹ ਆਪਣੀ ਕੁੜੀ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਜਾਂ ਤਾਂ ਉਨ੍ਹਾਂ ਨੂੰ ਸਾਢੇ 7 ਲੱਖ ਰੁਪਏ ਦਿਓ। ਜੇਕਰ ਪੈਸਿਆਂ ਦਾ ਇੰਤਜ਼ਾਮ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਉਸ ਦੇ ਬਦਲੇ ਦੂਜੀ ਲੜਕੀ ਦਾ ਇੰਤਜ਼ਾਮ ਕਰਵਾ ਕੇ ਦਿਓ। ਪੰਜਾਬ ਦੇ ਪਿੰਡਾਂ ’ਚ ਉਸ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਹਨ। ਉਹ ਕਿਸੇ ਨੂੰ ਵੀ ਵਿਦੇਸ਼ ਭੇਜਣ ਦੇ ਨਾਂ ’ਤੇ ਤਿਆਰ ਕਰਵਾ ਸਕਦੇ ਹਨ। ਜਿਉਂ ਹੀ ਪੰਜਾਬ ਤੋਂ ਲੜਕੀ ਦੁਬਈ ਦੇ ਲਈ ਜਹਾਜ਼ ਵਿਚ ਬੈਠ ਜਾਵੇਗੀ ਤਾਂ ਉਹ ਇੱਥੋਂ ਉਨ੍ਹਾਂ ਦੀ ਲੜਕੀ ਨੂੰ ਪੰਜਾਬ ਲਈ ਰਵਾਨਾ ਕਰ ਦੇਣਗੇ।

ਕੁੜੀ ਤੋਂ ਫ਼ੋਨ ਕਰਵਾਉਣ ਬਦਲੇ ਉਸ ਦੀ ਭੈਣ ਨਾਲ ਵੀ ਸ਼ੇਖਾਂ ਦੇ ਲੋਕ ਕਰਦੇ ਹਨ ਬੇਹੱਦ ਅਸ਼ਲੀਲ ਗੱਲਾਂ
ਪੀੜਤਾ ਦੀ ਇਥੇ ਬੈਠੀ ਛੋਟੀ ਭੈਣ ਨੇ ਦੱਸਿਆ ਕਿ ਦੁਬਈ ਪੁੱਜਦੇ ਹੀ ਉਨ੍ਹਾਂ ਲੋਕਾਂ ਨੇ ਉਸ ਦੀ ਭੈਣ ਦਾ ਪਾਸਪੋਰਟ ਅਤੇ ਫ਼ੋਨ ਆਪਣੇ ਕੋਲ ਰੱਖ ਲਿਆ। ਹੁਣ ਜੇਕਰ ਉਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਸ਼ੇਖ ਦੇ ਲੋਕ ਉਸ ਨਾਲ ਫ਼ੋਨ ’ਤੇ ਬੇਹੱਦ ਅਸ਼ਲੀਲ ਗੱਲਾਂ ਅੰਗਰੇਜ਼ੀ ’ਚ ਕਰਦੇ ਹਨ। ਉਸ ਤੋਂ ਬਾਅਦ ਜਾ ਕੇ ਉਸ ਦੀ ਭੈਣ ਨੂੰ ਗੱਲ ਕਰਨ ਲਈ ਫੋਨ ਦਿੱਤਾ ਜਾਂਦਾ ਹੈ। ਉਕਤ ਲੋਕਾਂ ਦੀਆਂ ਸਾਰੀਆਂ ਅਸ਼ਲੀਲ ਗੱਲਾਂ ਉਸ ਦੇ ਫ਼ੋਨ ’ਚ ਰਿਕਾਰਡ ਹਨ।

ਇਹ ਵੀ ਪੜ੍ਹੋ : ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News