ਗਰੀਬ ਪਰਿਵਾਰ ''ਤੇ ਪਈ ਕੁਦਰਤ ਦੀ ਮਾਰ, ਮੀਂਹ ਪੈਣ ਨਾਲ ਘਰ ਦੀ ਛੱਤ ਡਿੱਗੀ

Tuesday, Jul 04, 2017 - 01:04 PM (IST)

ਖਾਲੜਾ/ਝਬਾਲ/ਬੀੜ ਸਾਹਿਬ (ਭਾਟੀਆ, ਹਰਬੰਸ ਲਾਲੂਘੁੰਮਣ) : 67 ਸਾਲਾਂ ਤੋਂ ਕੱਚੇ ਘਰ 'ਚ ਜੀਵਨ ਬਸਰ ਕਰ ਰਿਹਾ ਕਸਬਾ ਖਾਲੜਾ ਦੇ ਵਾਸੀ ਸੁਰਜੀਤ ਸਿੰਘ ਦਾ ਪਰਿਵਾਰ ਉਸ ਵੇਲੇ ਆਪਣੇ ਆਸ਼ੀਆਨੇ ਤੋਂ ਵਾਂਝਾ ਹੋ ਗਿਆ, ਜਦੋਂ ਸੋਮਵਾਰ ਨੂੰ ਸਵੇਰੇ ਉਨ੍ਹਾਂ ਦੇ ਘਰ ਦੀ ਛੱਤ ਮੀਂਹ ਪੈਣ ਨਾਲ ਡਿੱਗ ਗਈ। ਭਿੱਖੀਵਿੰਡ ਵਿਖੇ ਕੁਲਚੇ ਆਦਿ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸੁਰਜੀਤ ਸਿੰਘ ਪੁੱਤਰ ਗਹਿਲ ਸਿੰਘ ਨੇ ਦੱਸਿਆ ਕਿ ਉਹ 8 ਧੀਆਂ ਅਤੇ ਇਕ ਪੁੱਤ ਦਾ ਬਾਪ ਹੈ। ਉਸ ਦਾ ਘਰ ਮਿੱਟੀ ਨਾਲ ਬਣਿਆ ਹੋਇਆ ਹੈ, ਜਿਸ ਵਿਚ ਉਹ ਪਿਛਲੇ ਕਰੀਬ 67 ਸਾਲਾਂ ਤੋਂ ਰਹਿ ਰਹੇ ਹਨ। ਉਸ ਨੇ ਸਮੇਂ ਦੀਆਂ ਹਾਕਮ ਸਰਕਾਰਾਂ ਅਤੇ ਕਸਬੇ ਦੇ ਮੋਹਤਬਰਾਂ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਦੀ ਕਿਸੇ ਵੀ ਭਲਾਈ ਸਕੀਮ ਦਾ ਕੋਈ ਲਾਭ ਨਹੀਂ ਮਿਲਿਆ ਤੇ ਨਾ ਹੀ ਉਨ੍ਹਾਂ ਦੋਵਾਂ ਜੀਆਂ ਦੀ ਬੁਢਾਪਾ ਪੈਨਸ਼ਨ ਹੀ ਲੱਗੀ ਹੈ। ਘਰ ਦੀ ਛੱਤ ਡਿੱਗਣ ਨਾਲ ਭਾਵੇਂ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਕਾਨ ਦੇ ਅੰਦਰ ਪਏ ਸਾਮਾਨ ਨੂੰ ਨੁਕਸਾਨ ਪੁੱਜਾ ਹੈ। ਪਟਵਾਰੀ ਰਾਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪਰਿਵਾਰ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜੀ ਜਾਵੇਗੀ।
ਇਸ ਸਬੰਧੀ ਐੱਸ. ਡੀ. ਐੱਮ. ਪੱਟੀ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਹਲਕਾ ਪਟਵਾਰੀ ਅਤੇ ਕਾਨੂੰਗੋ ਨੂੰ ਤੁਰੰਤ ਹੁਕਮ ਦਿੱਤੇ ਜਾ ਰਹੇ ਹਨ ਕਿ ਪਰਿਵਾਰ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਐੱਸ. ਡੀ. ਐੱਮ. ਦਫ਼ਤਰ ਭੇਜੀ ਜਾਵੇ ਤਾਂ ਜੋ ਸੁਰਜੀਤ ਸਿੰਘ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਫਾਈਲ ਅੱਗੇ ਭੇਜੀ ਜਾ ਸਕੇ।


Related News