5 ਮਹੀਨਿਆਂ ਤੋਂ ਖੂਹੀਆਂ ਪੁੱਟ ਕੇ ਬੈਠੇ ਗਰੀਬ ਪਰਿਵਾਰ

Monday, Mar 12, 2018 - 03:05 AM (IST)

5 ਮਹੀਨਿਆਂ ਤੋਂ ਖੂਹੀਆਂ ਪੁੱਟ ਕੇ ਬੈਠੇ ਗਰੀਬ ਪਰਿਵਾਰ

ਮੰਡੀ ਲਾਧੂਕਾ,   (ਸੰਦੀਪ)—  'ਸਵੱਛ ਭਾਰਤ ਮੁਹਿੰਮ' ਤਹਿਤ ਇਸ ਸਰਹੱਦੀ ਖੇਤਰ ਦੇ ਗਰੀਬ ਪਰਿਵਾਰ ਪਿਛਲੇ ਪੰਜ ਮਹੀਨਿਆਂ ਤੋਂ ਆਪਣੇ ਘਰਾਂ ਵਿਚ ਪਖਾਨੇ ਬਣਾਉਣ ਲਈ ਖੂਹੀਆਂ ਪੁੱਟ ਕੇ ਸਰਕਾਰੀ ਪੈਸਿਆਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮੰਡੀ ਵਾਸੀ ਹਮੀਰ ਦਾਸ, ਨੀਤੂ ਰਾਣੀ, ਸੁਮਨ ਰਾਣੀ, ਸੁਖਦੇਵ, ਸੁਨੀਤਾ, ਗਿਆਨੋ ਬਾਈ, ਅਰਜਨ ਦਾਸ,  ਫੂਲਵੰਤੀ ਤੇ ਵਿੱਦਿਆ ਬਾਈ ਨੇ ਦੱਸਿਆ ਕਿ ਉਨ੍ਹਾਂ ਸਰਕਾਰੀ ਸਹਾਇਤਾ ਪ੍ਰਾਪਤ ਪਖਾਨਾ ਬਣਾਉਣ ਲਈ ਪੰਜ ਮਹੀਨੇ ਪਹਿਲਾਂ ਘਰਾਂ 'ਚ ਖੂਹੀਆਂ ਪੁੱਟੀਆਂ ਸਨ ਪਰ ਇੰਨਾ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੰਡ ਮੁਹੱਈਆ ਨਹੀਂ ਕਰਵਾਇਆ ਗਿਆ। 
ਮੰਡੀ ਦੇ ਪੰਚ ਪਵਨ ਕੁਮਾਰ ਕੰਬੋਜ, ਕ੍ਰਿਸ਼ਨ ਵਧਾਵਨ ਕਨੱ੍ਹਈਆ, ਰਾਕੇਸ਼ ਜੁਲਾਹਾ ਰਿੱਕੀ, ਜੀਤ ਰਾਮ, ਮਹਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਮੰਡੀ ਵਿਚ 44 ਗਰੀਬ ਪਰਿਵਾਰਾਂ ਦੇ ਪਖਾਨੇ ਪਾਸ ਹੋ ਕੇ ਆਏ ਸਨ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਪਖਾਨੇ ਬਣਾਉਣ ਲਈ ਸਬੰਧਤ ਲੋਕਾਂ ਨੂੰ ਪੈਸੇ ਮੁਹੱਈਆ ਨਹੀਂ ਕਰਵਾਏ ਗਏ ਹਨ। ਇਨ੍ਹਾਂ ਲੋਕਾਂ ਨੇ ਫਾਜ਼ਿਲਕਾ ਦੀ ਡਿਪਟ ਕਮਿਸ਼ਨਰ ਈਸ਼ਾ ਕਾਲੀਆ ਤੋਂ ਮੰਗ ਕੀਤੀ ਹੈ ਕਿ ਪਖਾਨੇ ਬਣਾਉਣ ਲਈ ਜਲਦ ਤੋਂ ਜਲਦ ਪੈਸੇ ਮੁਹੱਈਆ ਕਰਵਾਏ ਜਾਣ ਤਾਂ ਕਿ ਪਖਾਨਿਆਂ ਦੇ ਅਧੂਰੇ ਪਏ ਕੰਮ ਨੂੰ ਮੁਕੰਮਲ ਕੀਤਾ ਜਾ ਸਕੇ। 
ਕੀ ਕਹਿਣਾ ਹੈ ਜੇ. ਈ. ਸੁਖਵਿੰਦਰ ਸਿੰਘ ਦਾ
ਇਸ ਸਬੰਧ ਵਿਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ. ਈ. ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੰਡੀ ਦੀ ਪੰਚਾਇਤ ਜਾਂ ਫਿਰ ਮੰਡੀ ਦੇ ਪਤਵੰਤੇ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਲਿਖ ਕੇ ਦੇ ਦੇਣ ਉਹ ਪਖਾਨਿਆਂ ਦੇ ਪੈਸੇ ਜਾਰੀ ਕਰਵਾ ਦੇਣਗੇ ।


Related News