ਪੀ. ਪੀ. ਸੀ. ਬੀ. ਦਾ ਦਾਅਵਾ : 48 ਫੀਸਦੀ ਘਟਿਆ ਪ੍ਰਦੂਸ਼ਣ

10/21/2017 5:47:12 AM

ਪਟਿਆਲਾ/ਰੱਖੜਾ  (ਰਾਜੇਸ਼, ਬਲਜਿੰਦਰ, ਰਾਣਾ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਪੰਜਾਬੀਆਂ 'ਤੇ ਕੋਈ ਜ਼ਿਆਦਾ ਅਸਰ ਨਹੀਂ ਹੋਇਆ। ਦੇਰ ਰਾਤ ਤੱਕ ਪਟਾਕੇ ਚਲਦੇ ਰਹੇ। ਇਸ ਦੇ ਬਾਵਜੂਦ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਦਾਅਵਾ ਕੀਤਾ ਹੈ ਕਿ ਇਸ ਦੀਵਾਲੀ 'ਤੇ 48 ਫੀਸਦੀ ਪ੍ਰਦੂਸ਼ਣ ਘਟਿਆ ਹੈ।  ਬੋਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਦੀਵਾਲੀ ਵਾਲੇ ਦਿਨ ਦਿਖਾਈ ਗਈ ਮੁਸਤੈਦੀ ਕਾਰਨ ਇਸ ਵਰ੍ਹੇ ਪੰਜਾਬੀਆਂ ਨੇ ਹਰੀ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੀਤੇ ਗਏ ਨਿਰੀਖਣ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦੀ ਹਵਾ ਕੁਆਲਟੀ ਵਿਚ ਦੀਵਾਲੀ ਵਾਲੇ ਦਿਨ ਸਿਰਫ਼ 24 ਪ੍ਰਤੀਸ਼ਤ ਵਾਧਾ ਰਿਕਾਰਡ ਕੀਤਾ ਗਿਆ। ਪਿਛਲੇ ਵਰ੍ਹੇ ਇਹ ਵਾਧਾ 70 ਪ੍ਰਤੀਸ਼ਤ ਸੀ।   ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਏਅਰ ਕੁਆਲਟੀ ਇੰਡੈਕਸ ਅਨੁਸਾਰ ਸਾਲ 2016 ਵਿਚ ਇਹ ਇੰਡੈਕਸ ਦੀਵਾਲੀ ਤੋਂ ਪਹਿਲਾਂ 130 ਅਤੇ ਦੀਵਾਲੀ ਵਾਲੇ ਦਿਨ 228 ਰਿਕਾਰਡ ਕੀਤਾ ਗਿਆ ਸੀ, ਜੋ ਕਿ 70 ਪ੍ਰਤੀਸ਼ਤ ਜ਼ਿਆਦਾ ਸੀ। ਇਸ ਵਰ੍ਹੇ ਦੀਵਾਲੀ ਵਾਲੇ ਦਿਨ ਏਅਰ ਕੁਆਲਟੀ ਇੰਡੈਕਸ 328 ਅਤੇ ਦੀਵਾਲੀ ਤੋਂ ਪਹਿਲਾਂ 265 ਰਿਕਾਰਡ ਕੀਤਾ ਗਿਆ ਸੀ ਜੋ ਕਿ ਸਿਰਫ਼ 24 ਪ੍ਰਤੀਸ਼ਤ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਚ ਏਅਰ ਕੁਆਲਟੀ ਇੰਡੈਕਸ ਆਮ ਦਿਨ ਨਾਲੋਂ 17 ਪ੍ਰਤੀਸ਼ਤ ਜ਼ਿਆਦਾ ਸੀ। ਪਿਛਲੇ ਸਾਲ ਇਹ ਵਾਧਾ 163 ਪ੍ਰਤੀਸ਼ਤ ਰਿਕਾਰਡ ਕੀਤਾ ਗਿਆ ਸੀ। ਇਸੇ ਤਰ੍ਹਾਂ ਇਸ ਵਰ੍ਹੇ ਲੁਧਿਆਣਾ ਵਿਚ ਇਹ ਵਾਧਾ 24 ਪ੍ਰਤੀਸ਼ਤ ਰਿਹਾ। ਪਿਛਲੇ ਸਾਲ ਇਹ ਵਾਧਾ 50 ਪ੍ਰਤੀਸ਼ਤ ਸੀ। ਅੰਮ੍ਰਿਤਸਰ ਦੇ ਏਅਰ ਕੁਆਲਟੀ ਇੰਡੈਕਸ ਵਿਚ 45 ਪ੍ਰਤੀਸ਼ਤ ਦਾ ਵਾਧਾ ਹੋਇਆ। ਪਿਛਲੇ ਸਾਲ 63 ਪ੍ਰਤੀਸ਼ਤ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸਾਲ ਹਵਾ ਵਿਚ ਧੂੜ ਦੇ ਕਣਾਂ ਦੀ ਮਾਤਰਾ ਪਿਛਲੇ ਸਾਲ ਨਾਲੋਂ ਵੱਧ ਰਹੀ। ਇਸ ਦਾ ਕਾਰਨ ਹਵਾ ਦਾ ਦਬਾਅ ਅਤੇ ਵੇਗ ਦਾ ਘੱਟ ਹੋਣਾ ਤੇ ਝੋਨੇ ਦੀ ਕਟਾਈ ਜਲਦੀ ਹੋਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 3 ਗੁਣਾ ਵਾਧਾ ਦਰਜ ਕੀਤਾ ਗਿਆ ਜੋ ਕਿ 1188 ਸੀ। ਦੀਵਾਲੀ ਤੋਂ ਪਹਿਲਾਂ ਇਹ ਘਟਨਾਵਾਂ ਸਿਰਫ਼ 400 ਪ੍ਰਤੀ ਦਿਨ ਸਨ।


Related News