ਲੁਧਿਆਣਾ ''ਚ ਫਲਾਈਓਵਰ ਪ੍ਰਾਜੈਕਟ ਨੂੰ ਲੈ ਕੇ ਗਰਮਾਈ ਸਿਆਸਤ, ਪੜ੍ਹੋ ਪੂਰੀ ਖ਼ਬਰ
Tuesday, Dec 26, 2023 - 04:14 PM (IST)
ਲੁਧਿਆਣਾ (ਹਿਤੇਸ਼) : ਲੁਧਿਆਣਾ 'ਚ ਪੱਖੋਵਾਲ 'ਤੇ ਰੇਲਵੇ ਫਲਾਈਓਵਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਫਲਾਈਓਵਰ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਇਹ ਨਵੇਂ ਸਾਲ ਤੋਂ ਸ਼ੁਰੂ ਹੋ ਜਾਵੇਗਾ। ਇੱਥੇ ਇਸ ਫਲਾਈਓਵਰ ਦੇ ਪ੍ਰਾਜੈਕਟ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਉਦਘਾਟਨ ਤੋਂ ਪਹਿਲਾਂ ਹੀ ਇਸ ਫਲਾਈਓਵਰ 'ਤੇ ਅਣਪਛਾਤੇ ਲੋਕਾਂ ਵੱਲੋਂ 'ਡਰੀਮ ਆਫ ਆਸ਼ੂ' ਅਤੇ 'ਥੈਂਕਿਊ ਆਸ਼ੂ' ਦੇ ਨਾਅਰੇ ਲਿਖੇ ਹੋਏ ਮਿਲੇ।
ਫਲਾਈਓਵਰ ਦੀਆਂ ਕੰਧਾਂ 'ਤੇ ਇਹ ਨਾਅਰੇ ਲਿਖੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਝੂਠੀ ਅਤੇ ਸਸਤੀ ਸ਼ੋਹਰਤ ਲਈ ਕੀਤਾ ਜਾ ਰਿਹਾ ਡਰਾਮਾ ਹੈ। ਇਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਨਾਅਰੇ ਲਿਖੇ ਜਾਣ ਤੋਂ ਬਾਅਦ ਨਗਰ ਨਿਗਮ ਵੀ ਹਰਕਤ 'ਚ ਆ ਗਿਆ। ਨਿਗਰ ਨਿਗਮ ਵਲੋਂ ਇਸ 'ਤੇ ਦੁਬਾਰਾ ਪੇਂਠ ਕਰਵਾ ਕੇ ਇਨ੍ਹਾਂ ਨਾਅਰਿਆਂ ਨੂੰ ਮਿਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ਼ ਸਬੰਧ 'ਚ ਪੁਲਸ ਕੋਲ ਵੀ ਸ਼ਿਕਾਇਤ ਜਾ ਸਕਦੀ ਹੈ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਪਹਿਲਾਂ ਵੀ ਸਿਆਸਤ ਗਰਮਾ ਚੁੱਕੀ ਹੈ।
ਇਸ ਪ੍ਰਾਜੈਕਟ ਦੀ ਸ਼ੁਰੂਆਤ 2019 'ਚ ਹੋਈ ਸੀ, ਜਿਸ ਦਾ 2021 'ਚ ਪੂਰਾ ਹੋਣ ਦੀ ਬਜਾਏ 2023 'ਚ ਪੂਰਾ ਹੋਣ ਜਾ ਰਿਹਾ ਹੈ। ਇਸ ਫਲਾਈਓਵਰ ਨੂੰ ਲੈ ਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਕਾਰਨ ਹੀ ਮਨਜ਼ੂਰ ਹੋਇਆ ਹੈ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰਨ ਇਹ ਕੰਮ ਪੂਰਾ ਹੋਇਆ ਹੈ। ਫਲਾਈਓਵਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਇਸ ਦਾ ਦੌਰਾ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਪ੍ਰਾਜੈਕਟਾਂ 'ਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।