ਵਿਧਾਇਕ ਬੱਬੀ ਤੇ ਸਾਬੀ ਵਿਚਕਾਰ ਛਿੜੀ ਸਿਆਸੀ ਜੰਗ

Wednesday, Feb 14, 2018 - 12:23 AM (IST)

ਵਿਧਾਇਕ ਬੱਬੀ ਤੇ ਸਾਬੀ ਵਿਚਕਾਰ ਛਿੜੀ ਸਿਆਸੀ ਜੰਗ

ਮੁਕੇਰੀਆਂ, (ਨਾਗਲਾ)- ਇਥੋਂ ਨਜ਼ਦੀਕ ਪੈਂਦੇ ਪਿੰਡ ਤੱਗੜ ਕਲਾਂ ਦੀ ਪੰਚਾਇਤੀ ਜ਼ਮੀਨ 'ਚ ਹੋਈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਅਤੇ 3 ਹੋਰ ਪੰਚਾਂ 'ਤੇ ਹੋਇਆ ਪਰਚਾ ਜਿੱਥੇ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਉੱਥੇ ਹੀ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ 'ਚ ਇਸ ਮਸਲੇ ਨੂੰ ਲੈ ਕੇ ਖੁੱਲ੍ਹੀ ਸਿਆਸੀ ਜੰਗ ਛਿੜ ਗਈ ਹੈ।
ਪਿੰਡ ਤੱਗੜ ਕਲਾਂ ਦੀ ਪੰਚਾਇਤ ਦੇ ਹੱਕ 'ਚ ਖੁੱਲ੍ਹ ਕੇ ਨਿਤਰੇ ਸ਼੍ਰੋਮਣੀ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ ਨੇ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਨੂੰ ਤੱਥਾਂ ਦੇ ਆਧਾਰ ਉੱਪਰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸੱਚਮੁੱਚ ਹੀ ਵਿਧਾਇਕ ਨੇ ਇਸ ਮਾਮਲੇ 'ਚ ਗੰਦੀ ਰਾਜਨੀਤੀ ਨਹੀਂ ਕੀਤੀ ਤਾਂ ਸਰਕਾਰ ਨੇ ਪੰਚਾਇਤ ਦੇ ਵਰ੍ਹਿਆਂ ਤੋਂ ਡਿਫਾਲਟਰ ਐਲਾਨੇ ਵਿਅਕਤੀ ਕੋਲੋਂ ਪੰਚਾਇਤ ਦੇ ਲੱਖਾਂ ਰੁਪਏ ਵਸੂਲਣ ਦੀ ਬਜਾਏ ਉਨ੍ਹਾਂ ਦੇ ਕਹਿਣ 'ਤੇ ਪੰਚਾਇਤ 'ਤੇ ਕੇਸ ਦਰਜ ਕਰ ਕੇ ਲੋਕਤੰਤਰ ਦੀ ਹੱਤਿਆ ਕਿਉਂ ਕੀਤੀ? ਸਾਬੀ ਨੇ ਪਿੰਡ ਤੱਗੜ ਕਲਾਂ ਦੇ ਇਸ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਜਿਹੜੇ ਅਧਿਕਾਰੀ ਕਾਂਗਰਸੀ ਵਿਧਾਇਕਾਂ ਦਾ ਹੱਥਠੋਕਾ ਬਣ ਕੇ ਕੰਮ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਜਲਦ ਸਬੂਤ ਇਕੱਠੇ ਕਰ ਕੇ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਪਿੰਡ ਤੱਗੜ ਕਲਾਂ ਦੀ ਪੰਚਾਇਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪੰਚਾਇਤ 'ਤੇ ਕੀਤਾ ਝੂਠਾ ਪਰਚਾ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਇਸ ਸਿਆਸੀ ਧੱਕੇਸ਼ਾਹੀ ਖਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ, ਭਾਵੇਂ ਉਨ੍ਹਾਂ ਨੂੰ ਸੂਬੇ ਭਰ 'ਚ ਚੱਕਾ ਜਾਮ ਕਰਨ ਲਈ ਮਜਬੂਰ ਕਿਉਂ ਨਾ ਹੋਣਾ ਪਵੇ। 
ਦੂਜੇ ਪਾਸੇ ਵਿਧਾਇਕ ਰਜਨੀਸ਼ ਬੱਬੀ ਨੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਪੂਰੀ ਤਰ੍ਹਾਂ ਸਹੀ ਦੱਸਦਿਆਂ ਕਿਹਾ ਕਿ ਪੁਲਸ 'ਤੇ ਕਿਸੇ ਤਰ੍ਹ੍ਹਾਂ ਦਾ ਵੀ ਦਬਾਅ ਨਹੀਂ ਹੈ। ਜੇਕਰ ਉਨ੍ਹਾਂ ਬਹਿਸ ਕਰਨੀ ਹੀ ਹੈ ਤਾਂ ਡਾਇਰੈਕਟਰ-ਕਮ-ਸੈਕਟਰੀ ਪੰਚਾਇਤ ਨਾਲ ਕਰਨ, ਮੇਰੇ ਨਾਲ ਨਹੀਂ।


Related News