ਪੋਲੀਟੀਕਲ ਪ੍ਰੈੱਸ਼ਰ ; ਨਾਜਾਇਜ਼ ਕਬਜ਼ੇ ਤੋੜਨ ਗਈ ਨਿਗਮ ਦੀ ਟੀਮ ਖਾਲੀ ਹੱਥ ਪਰਤੀ

Thursday, Jul 26, 2018 - 06:26 AM (IST)

ਪੋਲੀਟੀਕਲ ਪ੍ਰੈੱਸ਼ਰ ; ਨਾਜਾਇਜ਼ ਕਬਜ਼ੇ ਤੋੜਨ ਗਈ ਨਿਗਮ ਦੀ ਟੀਮ ਖਾਲੀ ਹੱਥ ਪਰਤੀ

ਜਲੰਧਰ, (ਖੁਰਾਣਾ)— ਇਨ੍ਹੀਂ ਦਿਨੀਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ  ਸਖ਼ਤੀ ਕਾਰਨ ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦਾ ਮਾਮਲਾ ਕਾਫੀ ਭਖਿਆ ਹੋਇਆ  ਹੈ। ਇਸ ਘਟਨਾ ਚੱਕਰ ਦੌਰਾਨ ਪਿਛਲੇ ਸਮੇਂ ਦੌਰਾਨ ਸਿਆਸੀ ਪ੍ਰੈੱਸ਼ਰ ਨਾਲ ਬਣੀਆਂ ਨਾਜਾਇਜ਼  ਬਿਲਡਿੰਗਾਂ ਦਾ ਮਾਮਲਾ ਵੀ ਕਈ ਵਾਰ ਉਠਿਆ, ਪੋਲੀਟੀਕਲ ਪ੍ਰੈੱਸ਼ਰ ਨੇ ਅੱਜ ਫਿਰ ਆਪਣਾ ਰੰਗ  ਵਿਖਾਇਆ ਜਦੋਂ ਸਥਾਨਕ ਨਯਾ ਬਾਜ਼ਾਰ ਵਿਚ ਨਾਜਾਇਜ਼ ਕਬਜ਼ੇ ਤੋੜਨ ਗਈ ਨਗਰ ਨਿਗਮ ਦੀ ਟੀਮ ਖਾਲੀ  ਹੱਥ ਪਰਤ ਆਈ। ਉਨ੍ਹਾਂ ਨਾਲ ਗਏ 100 ਦੇ ਕਰੀਬ ਪੁਲਸ ਮੁਲਾਜ਼ਮਾਂ ਨੂੰ ਵੀ ਮੂੰਹ ਲਟਕਾਈ  ਮੁੜਨਾ ਪਿਆ।
ਜ਼ਿਕਰਯੋਗ ਹੈ ਕਿ ਨਯਾ ਬਾਜ਼ਾਰ ਦੇ 11 ਕਬਜ਼ਿਆਂ ’ਤੇ ਇਹ ਕਾਰਵਾਈ ਪੰਜਾਬ  ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਹੋਣੀ ਸੀ ਕਿਉਂਕਿ ਕਬਜ਼ਾਧਾਰੀ ਦੁਕਾਨਦਾਰ  ਵੱਖ-ਵੱਖ ਅਦਾਲਤਾਂ ਵਿਚ  ਕੇਸ ਹਾਰ ਚੁੱਕੇ ਹਨ। ਅੱਜ ਜਿਵੇਂ ਹੀ ਨਿਗਮ ਟੀਮ ਦੇ ਬਿਲਡਿੰਗ  ਵਿਭਾਗ ਦੇ ਏ. ਟੀ. ਪੀ. ਲਖਬੀਰ ਸਿੰਘ ਅਤੇ ਬੀ. ਐਂਡ. ਆਰ. ਵਿਭਾਗ ਦੇ ਐਕਸੀਅਨ ਰਾਹੁਲ  ਧਵਨ ਨਾਲ ਨਯਾ ਬਾਜ਼ਾਰ ਵਿਚ ਦਾਖਲ ਹੋਏ ਤਾਂ ਦੁਕਾਨਦਾਰਾਂ ਵਿਚ ਹਫੜਾ-ਦਫੜੀ ਮਚ ਗਈ।
 ਨਿਗਮ  ਟੀਮ ਦੇ ਨਾਲ ਡਿੱਚ ਮਸ਼ੀਨਾਂ ਤੋਂ ਇਲਾਵਾ ਕਾਫੀ ਸਟਾਫ ਅਤੇ 100 ਦੇ ਕਰੀਬ ਪੁਲਸ ਮੁਲਾਜ਼ਮ ਸਨ।  ਜਿਨ੍ਹਾਂ ਦੀ ਅਗਵਾਈ ਏ. ਸੀ. ਪੀ. ਲੈਵਲ ਤੱਕ ਪੁਲਸ ਅਧਿਕਾਰੀ ਕਰ ਰਹੇ ਸਨ।
ਨਿਗਮ ਟੀਮ  ਦੇ ਬਾਜ਼ਾਰ ਪਹੁੰਚਦਿਆਂ ਹੀ ਪੁਲਸ ਮੁਲਾਜ਼ਮਾਂ ਨੇ ਆਉਣ-ਜਾਣ ਦੇ ਰਸਤੇ ਨੂੰ ਰੋਕ ਕੇ ਕਾਨੂੰਨ  ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ। 
ਕੌਂਸਲਰ ਉਮਾ ਬੇਰੀ, ਰਾਧਿਕਾ ਪਾਠਕ ਤੇ ਸ਼ੈਰੀ ਚੱਢਾ ਨੇ ਰੋਕੀਆਂ ਡਿੱਚ ਮਸ਼ੀਨਾਂ
ਇਸ  ਤੋਂ ਪਹਿਲਾਂ ਕਿ ਨਿਗਮ ਟੀਮ ਡਿੱਚ ਮਸ਼ੀਨਾਂ ਨਾਲ ਕਬਜ਼ੇ ਤੋੜਨ ਦੀ ਕਾਰਵਾਈ ਸ਼ੁਰੂ ਕਰਦੀ,  ਦੁਕਾਨਦਾਰਾਂ ਨੇ ਵਿਧਾਇਕ ਰਾਜਿੰਦਰ ਬੇਰੀ ਦੀ ਪਤਨੀ ਅਤੇ ਕੌਂਸਲਰ ਉਮਾ ਬੇਰੀ ਅਤੇ ਪੱਕਾ  ਬਾਗ ਏਰੀਏ ਦੇ ਕੌਂਸਲਰਾਂ ਰਾਧਿਕਾ ਪਾਠਕ ਅਤੇ ਸ਼ੈਰੀ ਚੱਡਾ ਨੂੰ ਮੌਕੇ ’ਤੇ ਬੁਲਾ ਲਿਆ।  ਤਿੰਨੇ ਕੌਂਸਲਰਾਂ ਨੇ ਨਿਗਮ ਟੀਮ ’ਤੇ ਦਬਾਅ ਪਾਇਆ ਕਿ ਦੁਕਾਨਦਾਰਾਂ ਨੂੰ ਕਬਜ਼ੇ ਖੁਦ  ਹਟਾਉਣ ਅਤੇ ਕੋਈ ਰਸਤਾ ਲੱਭਣ ਲਈ ਕੁਝ ਸਮਾਂ ਦਿੱਤਾ ਜਾਵੇ। ਇਸ ਦੌਰਾਨ ਕੌਂਸਲਰ ਉਮਾ ਬੇਰੀ  ਨੇ ਏ. ਟੀ.ਪੀ. ਲਖਬੀਰ ਸਿੰਘ ਦੀ ਗੱਲ ਵਿਧਾਇਕ ਰਾਜਿੰਦਰ ਬੇਰੀ ਨਾਲ ਵੀ ਕਰਵਾਈ,  ਜਿਨ੍ਹਾਂ ਨੇ ਵੀ ਦੁਕਾਨਦਾਰਾਂ ਨੂੰ ਕੁਝ ਸਮਾਂ ਦੇਣ ਲਈ ਕਿਹਾ। ਇਸ ’ਤੇ ਨਿਗਮ ਟੀਮ ਨੇ  ਕਮਿਸ਼ਨਰ ਦੀਪਰਵ ਲਾਕੜਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਨਿਰਦੇਸ਼ਾਂ ’ਤੇ ਦੁਕਾਨਦਾਰਾਂ  ਨੂੰ ਸੋਮਵਾਰ ਤੱਕ ਦਾ ਸਮਾਂ ਦੇ ਦਿੱਤਾ ਗਿਆ। ਇਸ ਤੋਂ ਬਾਅਦ ਨਿਗਮ ਕਿਸੇ ਵੀ ਕਾਰਵਾਈ ਕਰਨ  ਲਈ ਆਜ਼ਾਦ ਹੋਵੇਗਾ। ਨਿਗਮ ਨੇ ਦੁਕਾਨਦਾਰਾਂ ਕੋਲੋਂ ਵੀ ਇਸ ਬਾਰੇ ਲਿਖਤੀ ਵਿਚ ਲਿਆ ਹੈ। 

ਨਿਗਮ ਨੇ ਅਦਾਲਤ ’ਚ ਝੂਠ ਬੋਲਿਆPunjabKesari
ਇਸ  ਦੌਰਾਨ ਨਯਾ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਨਿਗਮ ਨੇ ਅਦਾਲਤ ਵਿਚ ਝੂਠੇ  ਤੱਥ ਪੇਸ਼ ਕੀਤੇ ਹਨ, ਜਿਸ ਕਾਰਨ ਹੁਣ ਫਿਰ ਲੋਕਲ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਗਈ  ਹੈ ਅਤੇ ਦੁਬਾਰਾ ਹਾਈ ਕੋਰਟ ਦੀ ਸ਼ਰਨ ਲਈ ਜਾਵੇਗੀ।
ਇਨ੍ਹਾਂ ਦੁਕਾਨਦਾਰਾਂ ਨੇ ਦੱਸਿਆ  ਕਿ ਕਾਫੀ ਸਮਾਂ ਪਹਿਲਾਂ ਨਿਗਮ ਨੇ ਅਦਾਲਤ ਵਿਚ ਲਿਖ ਕੇ ਦਿੱਤਾ ਸੀ ਕਿ ਕਿਸੇ ਵੀ ਅਦਾਲਤ  ਵਿਚ ਕੇਸ ਨਹੀਂ ਚੱਲ ਰਿਹਾ। ਜਦੋਂਕਿ ਇਕ ਹੀ ਦੁਕਾਨਦਾਰ ਨੇ ਅਦਾਲਤ ਵਿਚ ਦੋ ਕੇਸ ਦਾਇਰ  ਕੀਤੇ ਸਨ ਜੋ ਹੁਣ ਵੀ ਚੱਲ ਰਹੇ ਹਨ। ਇਸ ਲਈ ਅਦਾਲਤ ਨੂੰ ਇਨ੍ਹਾਂ ਤੱਥਾਂ ਦੀ ਜਾਣਕਾਰੀ ਵੀ  ਦਿੱਤੀ ਜਾਵੇਗੀ। 
ਬਿਲਡਿੰਗ ਵਿਭਾਗ ਦਾ ਫੁੱਟਿਆ ਦਰਦ
ਇੰਨਾ ਦਲ-ਬਲ ਕੰਮ ਨਹੀਂ ਆਇਆ ਤਾਂ ਇਕੱਲੇ ਇੰਸਪੈਕਟਰ ਤੋਂ ਕੀ ਉਮੀਦ ਰੱਖਦੇ ਹੋ
ਪੋਲੀਟੀਕਲ  ਪ੍ਰੈੱਸ਼ਰ ਤੋਂ ਬਾਅਦ ਨਯਾ ਬਾਜ਼ਾਰ ਦੀ ਕਾਰਵਾਈ ਤਾਂ ਰੁਕ ਗਈ ਪਰ ਇਸ ਤੋਂ ਬਾਅਦ ਨਿਗਮ ਦੇ  ਬਿਲਡਿੰਗ ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਦਾ ਦਰਦ ਫੁੱਟ ਪਿਆ, ਜਿਨ੍ਹਾਂ ਨੂੰ ਸਸਪੈਂਸ਼ਨ  ਅਤੇ ਹੋਰ ਸਜ਼ਾਵਾਂ ਝੱਲਣੀਆਂ ਪੈ ਰਹੀਆਂ ਹਨ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਅੱਜ ਇੰਨਾ  ਦਲ-ਬਲ ਹੋਣ ਦੇ ਬਾਵਜੂਦ ਨਿਗਮ ਆਪਣੀ ਜ਼ਮੀਨ ਖਾਲੀ ਨਹੀਂ ਕਰਵਾ ਸਕਿਆ। ਅਜਿਹੇ ਵਿਚ ਸਿਰਫ  ਬਿਲਡਿੰਗ  ਇੰਸਪੈਕਟਰ ਜਾਂ ਇਕੱਲੇ ਏ. ਟੀ. ਪੀ. ਤੋਂ ਕੀ  ਉਮੀਦ ਕੀਤੀ ਜਾ ਸਕਦੀ ਹੈ ਕਿ  ਉਹ ਨਾਜਾਇਜ਼ ਬਿਲਡਿੰਗ ਨੂੰ ਤੋੜ ਕੇ ਹੀ ਵਾਪਸ ਆਵੇਗਾ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ  ਨਾਜਾਇਜ਼ ਬਿਲਡਿੰਗਾਂ ਦੇ ਬਣਨ ਦੇ ਪਿੱਛੇ ਵੀ ਸਿਆਸੀ ਦਬਾਅ ਹੀ ਸੀ ਪਰ ਉਨ੍ਹਾਂ ’ਤੇ ਕੋਈ  ਕਾਰਵਾਈ ਨਹੀਂ ਹੋਈ ਤੇ ਸਾਰਾ ਨਜ਼ਲਾ ਉਨ੍ਹਾਂ ’ਤੇ ਸੁੱਟ ਦਿੱਤਾ ਗਿਆ। 
ਬਾਜ਼ਾਰ ਦੀ ਸਥਿਤੀ ਤੋਂ ਕਬਜ਼ਿਆਂ ਦਾ ਅੰਦਾਜ਼ਾ ਨਹੀਂ ਹੁੰਦਾ
ਨਿਗਮ  ਟੀਮ ਜਿਥੇ 11 ਦੁਕਾਨਦਾਰਾਂ ਦੇ ਕਬਜ਼ੇ ਤੋੜਨ ਗਈ ਜੇਕਰ  ਉਥੋਂ ਦੀ ਸਥਿਤੀ ਦੇਖੀ ਜਾਵੇ  ਤਾਂ ਪਤਾ ਹੀ ਨਹੀਂ ਲੱਗਦਾ ਕਿ ਇਥੇ ਦੁਕਾਨਦਾਰਾਂ ਨੇ 10-10 ਫੁੱਟ ਕਬਜ਼ੇ ਕੀਤੇ ਹੋਏ ਹਨ।  ਆਲੇ-ਦੁਆਲੇ ਦੀਆਂ ਕਈ ਬਿਲਡਿੰਗਾਂ ਅਜਿਹੀਆਂ ਦੁਕਾਨਾਂ ਦੇ ਬਰਾਬਰ ਬਣੀਆਂ ਹੋਈਆਂ ਹਨ ਪਰ  ਉਨ੍ਹਾਂ ਨੂੰ ਤੋੜਿਆ ਨਹੀਂ ਜਾ ਰਿਹਾ। ਦੁਕਾਨਦਾਰਾਂ ਦੀ ਮੰਗ ਹੈ ਕਿ ਜੇਕਰ ਉਨ੍ਹਾਂ  ਬਿਲਡਿੰਗਾਂ ਨੂੰ ਅਡਜਸਟ ਕੀਤਾ ਗਿਆ ਹੈ ਤਾਂ ਉਨ੍ਹਾਂ ਨੂੰ ਵੀ ਰਾਹਤ ਦਿੱਤੀ ਜਾਵੇ  ਕਿਉਂਕਿ ਕਬਜ਼ੇ ਤੋੜਨ ਤੋਂ ਬਾਅਦ ਵੀ ਆਲੇ-ਦੁਆਲੇ ਦੀਆਂ ਬਿਲਡਿੰਗਾਂ ਇਨ੍ਹਾਂ ਤੋਂ ਅੱਗੇ  ਰਹਿਣਗੀਆਂ। ਦੂਜੇ ਪਾਸੇ ਨਿਗਮ ਨੇ ਦਸਤਾਵੇਜ਼ਾਂ ਦੇ ਆਧਾਰ ’ਤੇ ਕਬਜ਼ੇ ਤੋੜਨ ਦੀ ਗੱਲ ਕਹੀ  ਹੈ।
ਹਾਊਸ ’ਚ ਉਠਿਆ ਸੀ ਮਾਮਲਾ
ਨਯਾ ਬਾਜ਼ਾਰ ਦੇ ਕਬਜ਼ਾਧਾਰੀਆਂ ਨੂੰ ਰਾਹਤ  ਦੇਣ ਦਾ ਮਾਮਲਾ ਕੌਂਸਲਰ ਰਾਧਿਕਾ ਪਾਠਕ ਅਤੇ ਕੌਂਸਲਰ ਸ਼ੈਰੀ ਚੱਢਾ ਵਲੋਂ ਕੌਂਸਲਰ ਹਾਊਸ  ਵਿਚ ਉਠਾਇਆ ਗਿਆ ਸੀ ਪਰ ਉਸ ਵੇਲੇ ਅਧਿਕਾਰੀਆਂ ਨੇ ਜਵਾਬ ਦਿੱਤਾ ਸੀ ਕਿ 25 ਜੁਲਾਈ ਨੂੰ  ਬਾਜ਼ਾਰ ’ਤੇ ਕਾਰਵਾਈ ਹੋਣ ਜਾ ਰਹੀ ਹੈ। ਅੱਜ ਜਦੋਂ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਨਿਗਮ  ਟੀਮ ਨੇ ਤੋੜ ਭੰਨ ਲਈ ਕੋਈ ਨੋਟਿਸ ਜਾਰੀ ਨਹੀਂ ਕੀਤਾ ਤਾਂ ਨਿਗਮ ਅਧਿਕਾਰੀਆਂ ਦੀ ਦਲੀਲ ਸੀ  ਕਿ ਕੌਂਸਲਰ ਹਾਊਸ ਵਿਚ ਕੌਂਸਲਰਾਂ ਨੂੰ ਪਤਾ ਲੱਗ ਗਿਆ ਸੀ ਕਿ 25 ਨੂੰ ਕਾਰਵਾਈ ਹੋਣ ਜਾ  ਰਹੀ ਹੈ। ਹੁਣ ਦੇਖਣਾ ਹੈ ਕਿ ਸੋਮਵਾਰ ਤੋਂ ਬਾਅਦ ਨਿਗਮ ਕੀ ਸਟੈਂਡ ਲੈਂਦਾ ਹੈ।


Related News