ਸਿਆਸੀ ਪਾਰਟੀਆਂ ਸਿਆਸਤ ਛੱਡ ਸਿਰਫ ਕਿਸਾਨ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮਾਂ ਦਾ ਦੇਣ ਸਾਥ:ਢੀਂਡਸਾ

10/02/2020 7:48:12 PM

ਸੰਗਰੂਰ,(ਵਿਜੈ ਕੁਮਾਰ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਸਭ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਖੇਤੀ ਬਿੱਲਾਂ ਖਿਲਾਫ ਲੜਾਈ ਨੂੰ ਸਿਖਰ 'ਤੇ ਲਿਜਾਣ ਲਈ ਬਹੁਤ ਗੰਭੀਰ ਅਤੇ ਸੁਹਿਰਦ ਹੋਣ ਦੀ ਲੋੜ ਹੈ। ਪਰ ਸਿਆਸੀ ਪਾਰਟੀਆਂ ਆਪਣੇ ਵੱਖਰੇ ਪ੍ਰੋਗਰਾਮ ਕਰ ਕੇ ਕਿਸਾਨ ਸੰਘਰਸ਼ ਦਾ ਨੁਕਸਾਨ ਕਰ ਰਹੀਆਂ ਹਨ। ਕੱਲ੍ਹ ਦਾ ਬਾਦਲ ਅਕਾਲੀ ਦਲ ਦਾ ਪ੍ਰੋਗਰਾਮ ਕਿਸਾਨ ਪੱਖੀ ਨਾ ਹੋ ਕੇ ਬਾਦਲ ਪਰਿਵਾਰ ਦਾ ਪਬਲੀਸਿਟੀ ਸਟੰਟ ਸੀ। ਸਾਰੇ ਪ੍ਰੋਗਰਾਮ ਵਿੱਚ ਅਕਾਲੀ ਦਲ ਜਿੰਦਾਬਾਦ ਜਾਂ ਸੁਖਬੀਰ , ਹਰਸਿਮਰਤ ਜਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ । ਕਿਸਾਨਾਂ ਦਾ ਕੋਈ ਨਾਹਰਾ ਨਹੀਂ ਲੱਗ ਰਿਹਾ ਸੀ। 
4 ਅਕਤੂਬਰ ਤੋਂ ਕਾਂਗਰਸ ਉਸ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਘੁੰਮਾ ਕੇ ਕਿਸਾਨਾਂ ਦੇ ਨਾਂ 'ਤੇ ਸਿਆਸਤ ਕਰੇਗੀ ਜਿਸ ਨੇ ਲੋਕ ਸਭਾ ਵਿੱਚ ਇੱਕ ਸ਼ਬਦ ਖੇਤੀ ਬਿੱਲਾਂ ਵਿਰੁਧ ਨਹੀਂ ਬੋਲਿਆ। ਇਸ ਨਾਲ ਮਸਲੇ ਦਾ ਹੱਲ ਨਹੀਂ ਹੋਣਾ। ਇਹ ਸਭ ਸਿਆਸੀ ਗਤੀ ਵਿਧੀਆਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨਗੀਆਂ।
ਮੇਰੀ ਸਾਰੇ ਆਗੂਆਂ ਨੂੰ ਸਤਿਕਾਰ ਸਹਿਤ ਅਪੀਲ ਹੈ ਕਿ ਸਿਆਸਤ ਕਰਨ ਨੂੰ ਆਪਣੇ ਕੋਲ ਹੋਰ ਬਹੁਤ ਮੌਕੇ ਹਨ ਪਰ ਹੁਣ ਕੇਵਲ ਕਿਸਾਨ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਹੀ ਚੱਲਿਆ ਜਾਵੇ। 
ਮੈਂ ਆਪਣੀ ਪਾਰਟੀ ਦੇ ਵਰਕਰਾਂ/ਨੇਤਾਵਾਂ ਨੂੰ ਹਦਾਇਤ ਦਿੱਤੀ ਹੈ ਕਿ ਜਿਵੇਂ ਦਾ ਸਹਿਯੋਗ ਕਿਸਾਨ ਸੰਗਠਨ ਚਾਹੁੰਣ ,ਉਹਨਾਂ ਦੇ ਪ੍ਰੋਗਰਾਮ ਅਨੁਸਾਰ ਚੱਲਿਆ ਜਾਵੇ । ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਨੁਕਤਾਵਾਰ ਵਿਰੋਧ ਜਿਤਾਇਆ ਸੀ।
ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਅਪੀਲ ਕਰਦਾਂ ਹਾਂ ਕਿ ਸਭ ਜੱਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਇਕੋ ਪ੍ਰੋਗਰਾਮ ਉਲੀਕੋ ਤਾਂ ਕਿ ਜਿੱਤ ਪ੍ਰਾਪਤ ਕੀਤੀ ਜਾ ਸਕੇ।


Bharat Thapa

Content Editor

Related News