‘ਸਿਆਸੀ ਪਾਰਟੀਆਂ ਤੋਂ ਨਕਾਰੇ ਆਗੂ ਕਰ ਰਹੇ ਕੋਝੀ ਸਿਆਸਤ’

Thursday, Nov 22, 2018 - 04:54 PM (IST)

‘ਸਿਆਸੀ ਪਾਰਟੀਆਂ ਤੋਂ ਨਕਾਰੇ ਆਗੂ ਕਰ ਰਹੇ ਕੋਝੀ ਸਿਆਸਤ’

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਸੜ੍ਹਕਾਂ ਦੇ ਨਾਮ 'ਤੇ ਸਿਆਸੀ ਪਾਰਟੀਆਂ ਵਲੋਂ ਕੁੱਝ ਨਕਾਰੇ ਆਗੂ ਭੁੱਖ ਹੜਤਾਲ 'ਤੇ ਬੈਠ ਕੇ ਕੋਝੀ ਸਿਆਸਤ ਕਰ ਰਹੇ ਹਨ ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਖੰਨਾ ਤੋਂ ਮਾਛੀਵਾੜਾ ਸੜ੍ਹਕ ਦੀ ਮੁਰੰਮਤ ਲਈ 5 ਕਰੋੜ 81 ਲੱਖ ਰੁਪਏ ਪਾਸ ਕਰ ਦਿੱਤੇ ਹਨ ਜਦਕਿ ਸਮਰਾਲਾ ਤੋਂ ਚਾਵਾ ਤੱਕ ਸੜ੍ਹਕ ਲਈ 8 ਕਰੋੜ 66 ਲੱਖ ਰੁਪਏ ਦਾ ਤਖਮੀਨਾ ਤਿਆਰ ਕਰ ਲੋਕ ਨਿਰਮਾਣ ਵਿਭਾਗ ਵਲੋਂ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਜਾ ਚੁੱਕਾ ਹੈ ਜਿਸ ਦੀ ਰਾਸ਼ੀ ਜਲਦ ਜਾਰੀ ਹੋਣ ਤੋਂ ਬਾਅਦ ਟੈਂਡਰ ਲੱਗ ਜਾਵੇਗਾ।
ਮਾਛੀਵਾੜਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਮਾਛੀਵਾੜਾ-ਖੰਨਾ ਸੜ੍ਹਕ ਲਈ 5 ਕਰੋੜ 81 ਲੱਖ ਰੁਪਏ ਪਾਸ ਹੋ ਚੁੱਕੇ ਹਨ ਜਿਸ ਸਬੰਧੀ ਉਨ੍ਹਾਂ  ਸਰਕਾਰ ਵਲੋਂ ਜਾਰੀ ਪੱਤਰ ਵੀ ਮੀਡਿਆ ਰਾਹੀਂ ਲੋਕਾਂ ਨੂੰ ਦਿਖਾਇਆ ਸੀ ਜਿਸ ਕਾਰਨ ਹੁਣ ਖਸਤਾ ਹਾਲਤ ਸੜ੍ਹਕਾਂ ਦੇ ਨਾਮ ਕੁੱਝ ਲੋਕਾਂ ਵਲੋਂ ਭੁੱਖ ਹੜਤਾਲ ਕਰਨੀ ਕੇਵਲ ਡਰਾਮੇਬਾਜ਼ੀ ਹੈ ਜਿਸ ਨੂੰ ਲੋਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮਰਾਲਾ ਮੇਨ ਚੌਂਕ ਵਿਚ ਭੁੱਖ ਹੜਤਾਲ 'ਤੇ ਬੈਠੇ ਸਿਆਸੀ ਪਾਰਟੀਆਂ ਤੇ ਲੋਕਾਂ ਵਲੋਂ ਨਕਾਰੇ ਆਗੂ ਕੇਵਲ ਫੋਕੀ ਸ਼ੌਹਰਤ ਹਾਸਿਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਕੁੱਝ ਲੋਕ ਤਾਂ ਉਹ ਹਨ ਜੋ ਪਿਛਲੇ 10 ਸਾਲ ਅਕਾਲੀ ਸਰਕਾਰ ਦੌਰਾਨ ਜਦੋਂ ਸੜ੍ਹਕਾਂ ਦੀ ਖਸਤਾ ਹਾਲਤ ਸੀ ਉਦੋਂ ਚੁੱਪੀ ਧਾਰੀ ਬੈਠੇ ਰਹੇ ਅਤੇ ਹੁਣ ਜਦੋਂ ਸੜ੍ਹਕਾਂ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਕਾਂਗਰਸ ਸਰਕਾਰ ਖਿਲਾਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਮੰਚ ਬਣਾ ਕੇ ਬੈਠੇ ਹਨ। ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਹਲਕਾ ਸਮਰਾਲਾ 'ਚ 40 ਕਰੋੜ ਰੁਪਏ ਦੀ ਲਾਗਤ ਨਾਲ 339 ਕਿਲੋਮੀਟਰ ਲੰਬੀਆਂ ਲਿੰਕ ਸੜ੍ਹਕਾਂ ਦੀ ਮੁਰੰਮਤ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਇਨ੍ਹਾਂ 'ਚੋਂ ਕਾਫ਼ੀ ਸੜ੍ਹਕਾਂ ਤਾਂ ਉਹ ਹਨ ਜੋ 2002 ਤੋਂ ਲੈ ਕੇ 2007 ਤੱਕ ਕਾਂਗਰਸ ਸਰਕਾਰ ਨੇ ਬਣਾਈਆਂ ਸਨ ਅਤੇ ਫਿਰ ਅਕਾਲੀ ਸਰਕਾਰ ਨੇ ਇਨ੍ਹਾਂ ਸੜ੍ਹਕਾਂ ਦੀ ਸਾਰ ਨਾ ਲਈ ਅਤੇ ਦੁਬਾਰਾ 12 ਸਾਲ ਬਾਅਦ ਕਾਂਗਰਸ ਸਰਕਾਰ ਹੀ ਇਨ੍ਹਾਂ ਨੂੰ ਬਣਾ ਰਹੀ ਹੈ। 
ਵਿਧਾਇਕ ਢਿੱਲੋਂ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਇਸ ਹਲਕੇ ਤੋਂ ਚੌਥੀ ਵਾਰ ਵਿਧਾਇਕ ਚੁਣ ਕੇ ਭੇਜਿਆ ਹੈ ਅਤੇ ਉਹ ਇਸ ਹਲਕੇ ਦੇ ਲੋਕਾਂ ਦੇ ਸੇਵਾਦਾਰ ਹਨ ਇਸ ਲਈ ਉਨ੍ਹਾਂ ਨੇ ਸੜ੍ਹਕਾਂ ਦੀ ਮੁਰੰਮਤ ਲਈ ਸਰਕਾਰ ਤੋਂ ਗ੍ਰਾਂਟ ਪਾਸ ਕਰਵਾ ਕੇ ਆਪਣਾ ਫ਼ਰਜ਼ ਨਿਭਾਇਆ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ, ਪਰਮਿੰਦਰ ਤਿਵਾੜੀ, ਜਸਦੇਵ ਸਿੰਘ ਬਿੱਟੂ, ਛਿੰਦਰਪਾਲ ਹਿਯਾਤਪੁਰ, ਪੀਏ ਰਾਜੇਸ਼ ਬਿੱਟੂ, ਸਤਨਾਮ ਸਿੰਘ ਝੜੌਦੀ, ਬੇਅੰਤ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ ਖੀਰਨੀਆ ਆਦਿ ਵੀ ਮੌਜ਼ੂਦ ਸਨ।


author

Babita

Content Editor

Related News