ਚੱਢਾ ਸ਼ੂਗਰ ਮਿੱਲ ਵਿਚ ਹੋਈ ਘਟਨਾ ਦੀ ਜਾਂਚ ਚੜ੍ਹੀ ਰਾਜਨੀਤੀ ਦੀ ਭੇਟ

05/23/2018 1:28:28 AM

ਗੁਰਦਾਸਪੁਰ,   (ਵਿਨੋਦ)- ਜ਼ਿਲੇ ਦੇ ਕਸਬਾ ਕੀੜੀ ਅਫਗਾਨਾ ਦੀ ਏ. ਬੀ. ਗ੍ਰੇਨੇ ਸਪਿਰਟ ਲਿਮਟਿਡ (ਚੱਢਾ ਸ਼ੂਗਰ ਮਿੱਲ) ਵਿਚ 16 ਮਈ ਨੂੰ ਸੀਰੇ ਨਾਲ ਬਿਆਸ ਦਰਿਆ ਵਿਚ 10 ਲੱਖ ਤੋਂ ਜ਼ਿਆਦਾ ਮੱਛੀਆਂ ਮਰ ਗਈਆਂ ਸਨ। ਇਸ ਘਟਨਾ ਦੀ ਗੂੰਜ ਪੰਜਾਬ ਦੇ ਕੁਝ ਇਲਾਕਿਆਂ ਸਮੇਤ ਰਾਜਸਥਾਨ ਵਿਚ ਵੀ ਸੁਣਾਈ ਦੇਣ ਲੱਗੀ ਹੈ। ਇਸ ਘਟਨਾ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦੇ ਕੇ ਬਟਾਲਾ ਦੇ ਐੱਸ. ਡੀ. ਐੱਮ. ਰੋਹਿਤ ਗੁਪਤਾ ਨੂੰ ਜਾਂਚ ਕਰਨ ਲਈ ਕਿਹਾ ਹੈ ਪਰ ਜਿਸ ਤਰ੍ਹਾਂ ਕੀੜੀ ਅਫਗਾਨਾ ਸ਼ਰਾਬ ਫੈਕਟਰੀ ਦੀ ਘਟਨਾ ਸਬੰਧੀ ਰਾਜਨੀਤੀ ਸ਼ੁਰੂ ਹੋ ਗਈ ਹੈ ਅਤੇ ਕੁਝ ਕਿਸਾਨ ਸੰਗਠਨ ਵੀ ਮਿੱਲ ਦੇ ਪੱਖ ਵਿਚ ਅਤੇ ਕੁਝ ਵਿਰੋਧ 'ਚ ਆਵਾਜ਼ ਬੁਲੰਦ ਕਰਨ ਲੱਗ ਗਏ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਮਾਮਲਾ ਰਾਜਨੀਤੀ ਦੀ ਭੇਟ ਚੜ੍ਹ ਜਾਵੇਗਾ, ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗਾ।
ਕੀ ਹੈ ਮਾਮਲਾ
ਬੀਤੀ 16 ਮਈ ਨੂੰ ਕੀੜੀ ਅਫਗਾਨਾ ਦੀ ਚੱਢਾ ਸ਼ੂਗਰ ਮਿੱਲ 'ਚ ਲਗਭਗ ਇਕ ਕਰੋੜ ਕਿਲੋਗ੍ਰਾਮ ਸੀਰਾ ਟੈਂਕ ਵਿਚ ਜ਼ਿਆਦਾ ਗਰਮ ਕਰ ਦਿੱਤੇ ਜਾਣ ਕਾਰਨ ਉਬਾਲ ਆ ਗਿਆ ਸੀ ਅਤੇ ਲਗਭਗ 50 ਹਜ਼ਾਰ ਕਿਲੋਗ੍ਰਾਮ ਗਰਮ ਸੀਰਾ ਟੈਂਕ ਤੋਂ ਓਵਰਫਲੋਅ ਹੋ ਕੇ ਰਜਬਾਹੇ ਦੇ ਰਸਤੇ ਬਿਆਸ ਦਰਿਆ ਵਿਚ ਚਲਾ ਗਿਆ ਸੀ, ਜਿਸ ਕਾਰਨ ਬਿਆਸ ਦਰਿਆ 'ਚ ਮੱਛੀਆਂ ਨੂੰ ਆਕਸੀਜਨ ਨਾ ਮਿਲਣ ਕਾਰਨ ਲਗਭਗ 10 ਲੱਖ ਮੱਛੀਆਂ ਸਮੇਤ ਹੋਰ ਕਈ ਜੀਵ-ਜੰਤੂ ਦਮ ਤੋੜ ਗਏ ਸਨ।
ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਕਰਦੇ ਹੋਏ ਮਿੱਲ ਦੀ ਮਸ਼ੀਨਰੀ ਨੂੰ ਸੀਲ ਕਰ ਦਿੱਤਾ ਅਤੇ ਮਿੱਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ 25 ਲੱਖ ਰੁਪਏ ਦੀ ਸਕਿਓਰਿਟੀ ਜ਼ਬਤ ਕਰ ਲਈ ਗਈ। ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਪਰ ਲਗਭਗ 8 ਦਿਨ ਬੀਤ ਜਾਣ ਦੇ ਬਾਵਜੂਦ ਇਸ ਮਿੱਲ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।

ਕੀ ਸਥਿਤੀ ਹੈ ਇਸ ਸਮੇਂ
ਇਸ ਮਿੱਲ 'ਚ ਹੋਈ ਘਟਨਾ ਦੀ ਗੰਭੀਰਤਾ ਨੂੰ ਲੈ ਕੇ ਜਿਥੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਭਦਨੌਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਘਟਨਾ ਦੀ ਪੂਰੀ ਜਾਣਕਾਰੀ ਮੰਗੀ ਹੈ, ਉਥੇ ਅਕਾਲੀ ਦਲ ਨੇ ਮਿੱਲ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਤਾਂ ਸਿੱਧੇ ਤੌਰ 'ਤੇ ਮਿੱਲ ਪ੍ਰਬੰਧਕਾਂ ਨੂੰ ਬਚਾਉਣ ਸਬੰਧੀ ਮੁੱਖ ਮੰਤਰੀ 'ਤੇ ਦੋਸ਼ ਲਾ ਕੇ ਮਿੱਲ ਪ੍ਰਬੰਧਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜਦਕਿ ਕਾਂਗਰਸੀ ਨੇਤਾ ਇਸ ਮਾਮਲੇ ਵਿਚ ਚੁੱਪੀ ਧਾਰੀ ਬੈਠੇ ਹਨ। ਵੇਖਿਆ ਜਾਵੇ ਤਾਂ ਕਿਸੇ ਸੂਬੇ ਦਾ ਰਾਜਪਾਲ ਆਮ ਤੌਰ 'ਤੇ ਸੂਬੇ ਵਿਚ ਹੋਈ ਘਟਨਾ ਸਬੰਧੀ ਮੁੱਖ ਮੰਤਰੀ ਤੋਂ ਜਵਾਬ-ਤਲਬੀ ਨਹੀਂ ਕਰਦਾ ਪਰ ਇਸ ਮਾਮਲੇ ਵਿਚ ਪੰਜਾਬ ਦੇ ਰਾਜਪਾਲ ਨੇ ਵੀ ਸਖਤ ਨੋਟਿਸ ਲਿਆ ਹੈ। ਲੱਗਦਾ ਹੈ ਕਿ ਇਹ ਘਟਨਾ ਰਾਜਨੀਤੀ ਦੀ ਭੇਟ ਚੜ੍ਹਨ ਵਾਲੀ ਹੈ ਕਿਉਂਕਿ ਚੱਢਾ ਸ਼ੂਗਰ ਮਿੱਲ ਮਾਲਕਾਂ ਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਡੂੰਘੇ ਸਬੰਧ ਹੋਣ ਦਾ ਅਕਾਲੀ ਦਲ ਦੋਸ਼ ਲਾ ਰਿਹਾ ਹੈ। ਇਕ ਹਿੱਸੇਦਾਰ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਧਾਰਮਕ ਕੰਮਾਂ ਲਈ ਸਲਾਹਕਾਰ ਹਨ।
ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ : ਐੱਸ. ਡੀ. ਐੱਮ. ਬਟਾਲਾ
ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਅਗਲੇ ਹਫ਼ਤੇ ਮੰਗਲਵਾਰ ਤੱਕ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਘਟਨਾ ਹੋਈ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਮੱਛੀਆਂ ਮਰੀਆਂ ਹਨ, ਉਸ ਸਬੰਧੀ ਤਕਨੀਕੀ ਜਾਣਕਾਰੀ ਵੀ ਪ੍ਰਾਪਤ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੇ ਪੱਧਰ 'ਤੇ ਵੀ ਜਾਂਚ ਕਰ ਰਿਹਾ ਹੈ। ਕੁਝ ਕਿਸਾਨ ਸੰਗਠਨਾਂ ਵੱਲੋਂ ਮਿੱਲ ਦੇ ਪੱਖ 'ਚ ਉਤਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਸੰਗਠਨ ਵੀ ਜਾਂਚ ਕਮੇਟੀ ਕੋਲ ਆਪਣਾ ਪੱਖ ਰੱਖ ਸਕਦੇ ਹਨ। ਕਈ ਪਹਿਲੂਆਂ 'ਤੇ ਜਾਂਚ ਚੱਲ ਰਹੀ ਹੈ ਅਤੇ ਸਾਰੀ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਅਜੇ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ।
ਮਿੱਲ ਦੀ ਘਟਨਾ ਨੂੰ ਲੈ ਕੇ ਕਿਸਾਨ ਯੂਨੀਅਨ ਸਮੇਤ ਹੋਰ ਸੰਗਠਨ ਵੀ ਹੋਏ ਦੋਫਾੜ 
ਇਸ ਘਟਨਾ ਸਬੰਧੀ ਕਿਸਾਨ ਸੰਗਠਨ ਵੀ ਦੋਫਾੜ ਦਿਖਾਈ ਦੇ ਰਹੇ ਹਨ। ਇਲਾਕੇ ਦੇ ਸਭ ਤੋਂ ਮਜ਼ਬੂਤ ਸੰਗਠਨ ਪੱਗੜੀ ਸੰਭਾਲ ਜੱਟਾ ਅਤੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਇਸ ਮਿੱਲ ਦੇ ਸਮਰਥਨ ਵਿਚ ਆ ਗਏ ਹਨ ਅਤੇ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇ ਕੇ ਮਿੱਲ ਨੂੰ ਜਲਦ ਚਲਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਕਿਸਾਨ ਸੰਗਠਨਾਂ ਦੇ ਨੇਤਾ ਮਿੱਲ ਦੇ ਪੱਖ 'ਚ ਉਤਰਨ ਦੀ ਇਹ ਦਲੀਲ ਦੇ ਰਹੇ ਹਨ ਕਿ ਮਿੱਲ ਪ੍ਰਬੰਧਕਾਂ ਨੇ ਸਾਡੇ ਦਬਾਅ ਕਾਰਨ ਕਿਸਾਨਾਂ ਦਾ ਗੰਨਾ ਬਿਨਾਂ ਜ਼ਰੂਰਤ ਦੇ ਖਰੀਦਣਾ ਜਾਰੀ ਰੱਖਿਆ ਅਤੇ ਅਪ੍ਰੈਲ ਮਹੀਨੇ ਵਿਚ ਆਪਣੇ ਤਕਨੀਕੀ ਸਿਸਟਮ ਨੂੰ ਬਦਲ ਕੇ ਸਮਰੱਥਾ ਤੋਂ ਵੱਧ ਪਿੜਾਈ ਕੀਤੀ, ਜਿਸ ਕਾਰਨ ਮਿੱਲ ਵਿਚ ਸੀਰਾ ਬਹੁਤ ਜ਼ਿਆਦਾ ਇਕੱਠਾ ਹੋਇਆ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਮਿੱਲ ਨੂੰ ਚਲਾਉਣ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮੰਗ ਕੀਤੀ ਹੈ ਤੇ ਕਿਹਾ ਕਿ ਮਿੱਲ 'ਚ ਹੋਈ ਘਟਨਾ ਨੂੰ ਕੁਦਰਤੀ ਕਰੋਪੀ ਐਲਾਨ ਕਰ ਕੇ ਮਿੱਲ ਨੂੰ ਚਾਲੂ ਕੀਤਾ ਜਾਵੇ ਅਤੇ ਮਿੱਲ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਉਥੇ ਕੁਝ ਕਿਸਾਨ ਸੰਗਠਨਾਂ ਨੇ ਕੀੜੀ ਅਫਗਾਨਾ ਸ਼ੂਗਰ-ਕਮ-ਸ਼ਰਾਬ ਮਿੱਲ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸੰਗਠਨ ਦੋਸ਼ ਲਾ ਰਹੇ ਹਨ ਕਿ ਸਮੇਂ-ਸਮੇਂ 'ਤੇ ਮਿੱਲ ਵਿਚ ਹੋਣ ਵਾਲੀ ਲਾਪ੍ਰਵਾਹੀ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ ਜੋ ਕਿ ਮਿੱਲ ਵਿਚ ਚੈਕਿੰਗ ਕੇਵਲ ਕਾਗਜ਼ਾਂ 'ਚ ਹੀ ਕਰਦੇ ਹਨ।
ਇਸੇ ਤਰ੍ਹਾਂ ਬਟਾਲਾ ਤੇ ਗੁਰਦਾਸਪੁਰ ਦੇ ਵਾਤਾਵਰਣ ਪ੍ਰੇਮੀਆਂ ਨੇ ਦੋਸ਼ ਲਾਏ ਕਿ ਇਹ ਮਿੱਲ ਪਹਿਲਾਂ ਪ੍ਰਦੂਸ਼ਣ ਫੈਲਾਉਣ ਲਈ ਚਰਚਾ 'ਚ ਸੀ। ਕਦੇ ਕਿਸਾਨਾਂ ਨਾਲ ਵਿਵਾਦ ਤੇ ਕਦੇ ਟਰੱਕ ਚਾਲਕਾਂ ਨਾਲ ਵਿਵਾਦ ਕਾਰਨ ਮਿੱਲ ਹਮੇਸ਼ਾ ਚਰਚਾ ਵਿਚ ਰਹਿੰਦੀ ਸੀ। ਇਲਾਕੇ ਦੇ ਵਾਤਾਵਰਣ ਦਾ ਸੰਤੁਲਨ ਵਿਗਾੜਨ ਲਈ ਸਿੱਧੇ ਤੌਰ 'ਤੇ ਮਿੱਲ ਪ੍ਰਬੰਧਕ ਜ਼ਿੰਮੇਵਾਰ ਹਨ ਅਤੇ ਪ੍ਰਬੰਧਕਾਂ ਵਿਰੁੱਧ ਅਤੇ ਸਰਕਾਰੀ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।


Related News