ਏਅਰ ਇੰਡੀਆ ਦੀ ਉਡਾਣ ''ਚ ਬੰਬ ਧਮਾਕੇ ਮਾਮਲੇ ਦੀ ਜਾਂਚ ਅਜੇ ਵੀ ਜਾਰੀ : ਕੈਨੇਡਾ ਪੁਲਸ
Saturday, Jun 22, 2024 - 06:06 PM (IST)
ਓਟਾਵਾ (ਭਾਸ਼ਾ)- ਕੈਨੇਡਾ ਦੀ ਪੁਲਸ ਨੇ ਕਿਹਾ ਹੈ ਕਿ ਏਅਰ ਇੰਡੀਆ ਦੀ ਉਡਾਣ ਸੰਖਿਆ 182 ਨੂੰ ਬੰਬ ਨਾਲ ਉਡਾਉਣ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਸ ਨੇ ਇਸ ਨੂੰ ਅੱਤਵਾਦ ਦੇ ਮਾਮਲੇ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਜਟਿਲ ਜਾਂਚ 'ਚੋਂ ਇਕ ਦੱਸਿਆ ਹੈ। ਪੁਲਸ ਨੇ ਇਹ ਟਿੱਪਣੀ ਜਹਾਜ਼ ਬੰਬ ਨਾਲ ਉਡਾਉਣ ਦੇ 39 ਸਾਲ ਪੂਰੇ ਹੋਣ ਤੋਂ ਇਕ ਦਿਨ ਪਹਿਲਾਂ ਕੀਤੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ 'ਕਨਿਸ਼ਕ' ਫਲਾਈਟ ਸੰਖਿਆ-182 'ਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਉਤਰਨ ਤੋਂ 45 ਮਿੰਟ ਪਹਿਲੇ ਧਮਾਕਾ ਹੋ ਗਿਆ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰਸੀਐੱਮਪੀ) ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੌਲ ਨੇ ਇਕ ਬਿਆਨ 'ਚ ਕਿਹਾ ਕਿ ਬੰਬ ਧਮਾਕੇ ਦੀ ਇਹ ਵਾਰਦਾਤ ਦੇਸ਼ ਦੇ ਇਤਿਹਾਸ 'ਚ ਕੈਨੇਡੀਅਨਾਂ ਦੀ ਜਾਨ ਲੈਣ ਵਾਲੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀ ਅੱਤਵਾਦ ਸੰਬੰਧੀ ਸਭ ਤੋਂ ਭਿਆਨਕ ਘਟਨਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਟੇਬੌਲ ਨੇ ਕਿਹਾ ਕਿ ਏਅਰ ਇੰਡੀਆ ਬੰਬ ਧਮਾਕੇ ਮਾਮਲੇ ਦੀ ਜਾਂਚ ਦੇਸ਼ ਦੇ ਇਤਿਹਾਸ 'ਚ ਸਭ ਤੋਂ ਲੰਬੀ ਅਤੇ ਘਰੇਲੂ ਅੱਤਵਾਦ ਨਾਲ ਸੰਬੰਧਤ ਸਭ ਤੋਂ ਜਟਿਲ ਜਾਂਚ 'ਚੋਂ ਇਕ ਹੈ। ਉਨ੍ਹਾਂ ਕਿਹਾ,''ਘਟਨਾ ਸੰਬੰਧੀ ਜਾਂਚ ਦੀ ਸਾਡੀ ਕੋਸ਼ਿਸ਼ ਸਰਗਰਮ ਰੂਪ ਨਾਲ ਜਾਰੀ ਹੈ।'' ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੰਬ ਧਮਾਕੇ ਦਾ ਪ੍ਰਭਾ 'ਸਮੇਂ ਨਾਲ ਘੱਟ ਨਹੀਂ ਹੋਇਆ ਹੈ' ਅਤੇ ਇਸ ਤੋਂ ਪੈਦਾ ਦਰਦ ਨੇ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਹੈ। ਟੇਬੌਲ ਨੇ ਕਿਹਾ,''ਸਾਨੂੰ ਇਸ ਤ੍ਰਾਸਦੀ ਅਤੇ ਹੋਰ ਅੱਤਵਾਦੀ ਕੰਮਾਂ 'ਚ ਹੋਈ ਨਿਰਦੋਸ਼ ਲੋਕਾਂ ਦੀਆਂ ਮੌਤਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।'' ਵੈਂਕੂਵਰ ਅਤੇ ਟੋਰਾਂਟੋ ਸਥਿਤ ਭਾਰਤ ਦੇ ਵਣਜ ਦੂਤਘਰਾਂ ਨੇ ਬੰਬ ਧਮਾਕਿਆਂ ਦੀ ਬਰਸੀ 'ਤੇ ਯਾਦਗਾਰੀ ਸਭਾਵਾਂ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e