ਲੋਕਾਂ ਨਾਲ ਲੱਖਾਂ ਦੀ ਠਗੀ ਕਰਨ ਵਾਲਾ ਪੁਲਸ ਮੁਲਾਜ਼ਮ ਕਾਬੂ
Wednesday, Jan 08, 2020 - 03:08 PM (IST)
ਖੰਨਾ (ਬਿਪਨ) : ਲੋਕਾਂ ਨਾਲ ਲੱਖਾਂ ਰੁਪਿਆਂ ਦੀ ਠਗੀ ਮਾਰਨ ਵਾਲੇ ਬਟਾਲੀਅਨ-13 'ਚ ਬਤੌਰ ਪੁਲਸ ਮੁਲਾਜ਼ਮ ਨੂੰ ਸਮਰਾਲਾ ਪੁਲਸ ਵਲੋਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਮਰਾਲਾ ਪੁਲਸ ਵਲੋਂ ਬਰਧਾਲਾ ਨੇੜੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਕਾਰ ਖੰਨਾ ਤੋਂ ਸਮਰਾਲਾ ਵੱਲ ਆ ਰਹੀ ਸੀ, ਜਿਸ 'ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ 'ਚ ਨਵਜੋਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਟਿਆਲਾ ਸਵਾਰ ਸੀ, ਜੋ ਕਿ ਬਟਾਲੀਅਨ-13 'ਚ ਬਤੌਰ ਪੁਲਸ ਮੁਲਾਜ਼ਮ ਕੰਮ ਕਰ ਰਿਹਾ ਹੈ। ਨਵਜੋਤ ਸਿੰਘ ੁਪਟਿਆਲਾ 'ਚ ਆਮ ਲੋਕਾਂ ਨਾਲ 19-20 ਲੱਖ ਦੀ ਠਗੀ ਮਾਰ ਫਰਾਰ ਹੋਇਆ ਸੀ ਅਤੇ 20-1-2019 ਨੂੰ ਭਗੌੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਪੁਲਸ ਦੀ ਡਿਊਟੀ 'ਤੇ ਵੀ ਨਹੀਂ ਗਿਆ। ਨਵਜੋਤ ਸਿੰਘ 'ਤੇ ਪਟਿਆਲਾ 'ਚ 420 ਦੇ 2 ਮੁਕੱਦਮੇ ਦਰਜ ਹਨ ਅਤੇ ਨਵਜੋਤ ਸਿੰਘ ਨੂੰ ਇਕ ਮਹੀਨਾ ਪਹਿਲਾਂ ਹੀ ਡਿਸਮਿਸ ਕੀਤਾ ਗਿਆ ਹੈ।