ਪੰਜਾਬ ਨੂੰ ਕ੍ਰਾਈਮ ਫ੍ਰੀ ਸਟੇਟ ਬਣਾਉਣ ਲਈ ਪੁਲਸ ਆਪਣੀ ਮੁਹਿੰਮ ਹੋਰ ਤੇਜ਼ ਕਰੇਗੀ : DGP

07/05/2024 9:17:43 AM

ਜਲੰਧਰ (ਧਵਨ) - ਪੰਜਾਬ ਨੂੰ ਕ੍ਰਾਈਮ ਫ੍ਰੀ ਸਟੇਟ ਬਣਾਉਣ ਲਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰੇਗੀ।

ਪੰਜਾਬ ਦੇ ਡੀ. ਜੀ. ਗੌਰਵ ਯਾਦਵ ਨੇ ਕਿਹਾ ਕਿ ਸੂਬਾ ਪੁਲਸ ਨੇ ਪਿਛਲੇ 20 ਦਿਨਾਂ ’ਚ ਕ੍ਰਾਈਮ ਫਰੰਟ ’ਤੇ ਸ਼ਾਨਦਾਰ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਸਖਤੀ ਕਰਨ ਨਾਲ ਵੱਡੀਆਂ ਬਰਾਮਦਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਰੋਜ਼ਾਨਾ ਸੂਬੇ ’ਚ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਨਾਲ ਹੀ ਗੈਂਗਸਟਰਾਂ ਦਾ ਲੱਕ ਤੋੜਨ ਲਈ ਮੁਹਿੰਮ ਤੇਜ਼ ਕਰ ਰਹੀ ਹੈ।

ਡੀ. ਜੀ. ਪੀ. ਨੇ ਕਿਹਾ ਕਿ ਭਾਵੇਂ ਅੰਮ੍ਰਿਤਸਰ ਹੋਵੇ, ਭਾਵੇਂ ਫਿਰੋਜ਼ਪੁਰ ਜਾਂ ਫਿਰ ਕੋਈ ਹੋਰ ਜ਼ਿਲਾ ਰੋਜ਼ਾਨਾ ਹੀ ਪੁਲਸ ਨੂੰ ਨਸ਼ੀਲੇ ਪਦਾਰਥ ਅਤੇ ਹੈਰੋਇਨ ਦੀਆਂ ਬਰਾਮਦਗੀਆਂ ਹੋ ਰਹੀਆਂ ਹਨ। ਪੁਲਸ ਨੇ ਜਿਸ ਤਰ੍ਹਾਂ ਪਿਛਲੇ 20 ਿਦਨਾਂ ’ਚ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ਿਕੰਜਾ ਕੱਸਿਆ ਹੋਇਆ ਹੈ, ਇਸ ਨੂੰ ਅੱਗੇ ਵੀ ਇੰਝ ਹੀ ਜਾਰੀ ਰੱਖਿਆ ਜਾਵੇਗਾ।

ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਉਹ ਸਮੇਂ-ਸਮੇਂ ’ਤੇ ਉੱਚ ਅਧਿਕਾਰੀਆਂ ਤੇ ਜ਼ਿਲਾ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਜਿੱਥੇ ਉਨ੍ਹਾਂ ਨੂੰ ਸੂਬੇ ਨੂੰ ਨਸ਼ੇ ਤੋਂ ਮੁਕਤ ਬਣਾਉਣ ਲਈ ਨਿਰਦੇਸ਼ ਦੇਣਗੇ, ਉੱਥੇ ਉਹ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਪਿੱਠ ਵੀ ਥਾਪੜਣਗੇ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਨੂੰ ਹੁਲਾਰਾ ਸਰਹੱਦ ਪਾਰੋਂ ਦਿੱਤਾ ਜਾ ਰਿਹਾ ਹੈ। ਸਰਹੱਦ ਪਾਰ ਬੈਠੇ ਨਸ਼ਾ ਸਮੱਗਲਰ ਹੀ ਨਸ਼ੀਲੇ ਪਦਾਰਥ ਪੰਜਾਬ ਭੇਜਣ ’ਚ ਲੱਗੇ ਹੋਏ ਹਨ।

ਡੀ. ਜੀ. ਪੀ. ਨੇ ਕਿਹਾ ਕਿ ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਹਰ ਹਾਲ ’ਚ ਸੰਭਾਲਿਆ ਜਾਵੇ ਅਤੇ ਇਸ ਲਈ ਹੇਠਲੇ ਪੱਧਰ ’ਤੇ ਪੁਲਸ ਵੱਲੋਂ ਯਤਨ ਸ਼ੁਰੂ ਕਰ ਿਦੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਹਾਲ ਹੀ ’ਚ ਜਿਹੜੇ ਨਸ਼ਾ ਸਮੱਗਲਿੰਗ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਸੀ, ਉਨ੍ਹਾਂ ਦੇ ਲਿੰਕ ਪੂਰੀ ਤਰ੍ਹਾਂ ਪਾਕਿਸਤਾਨ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਸ ਜਿਸ ਤਰ੍ਹਾਂ ਸੂਬੇ ’ਚ ਅਚਾਨਕ ਆਪਣੇ ਆਪ੍ਰੇਸ਼ਨ ਕਰ ਰਹੀ ਹੈ, ਉਸ ’ਚ ਪੁਲਸ ਨੂੰ ਭਾਰੀ ਸਫਲਤਾ ਮਿਲ ਰਹੀ ਹੈ।

ਗੌਰਵ ਯਾਦਵ ਨੇ ਕਿਹਾ ਕਿ ਆਉਣ ਵਾਲੇ ਿਦਨਾਂ ’ਚ ਪੁਲਸ ਦੇ ਆਪ੍ਰੇਸ਼ਨਾਂ ’ਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਸੂਬੇ ’ਚ ਸਰਹੱਦ ਪਾਰੋਂ ਹੋਣ ਵਾਲੀ ਸਰਗਰਮੀਆਂ ’ਤੇ ਜਿੱਥੇ ਪੰਜਾਬ ਪੁਲਸ ਨੇ ਨਜ਼ਰ ਰੱਖਣੀ ਹੈ, ਉੱਥੇ ਹੀ ਅੰਦਰੂਨੀ ਸ਼ਾਂਤੀ-ਵਿਵਸਥਾ ਬਣਾ ਕੇ ਰੱਖਣ ਲਈ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਦੇ ਰੈਕੇਟ ਨੂੰ ਢਹਿ-ਢੇਰੀ ਕਰਨਾ ਹੈ।

ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜਲਦੀ ਜ਼ਬਤ ਹੋਣਗੀਆਂ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ, ਜਿਸ ਪਿੱਛੋਂ ਹੁਣ ਪੰਜਾਬ ਪੁਲਸ ਵੱਲੋਂ ਜ਼ਿਲਾ ਪ੍ਰਸ਼ਾਸਨ ਤੇ ਸਰਕਾਰੀ ਵਿਭਾਗ ਦੀ ਮਦਦ ਨਾਲ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ।

ਡੀ. ਜੀ. ਪੀ. ਨੇ ਇਹ ਵੀ ਕਿਹਾ ਕਿ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਹੋਣ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗੇਗਾ ਅਤੇ ਇਸ ਨਾਲ ਨਸ਼ਾ ਸਮੱਗਲਿੰਗ ਦਾ ਰੁਝਾਨ ਘਟੇਗਾ।


Harinder Kaur

Content Editor

Related News