ਹੁਣ ਨਹੀਂ ਪਵੇਗੀ ਪਟਿਆਲਾ 'ਤੇ ਹੜ੍ਹਾਂ ਦੀ ਮਾਰ ! ਪੰਜਾਬ ਸਰਕਾਰ ਕਰ ਰਹੀ ਪੱਕੇ ਬੰਦੋਬਸਤ

07/05/2024 3:29:02 AM

ਪਟਿਆਲਾ/ਸਨੌਰ (ਜੋਸਨ, ਰਾਜੇਸ਼)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਡੀ ਨਦੀ ਸਮੇਤ ਪਟਿਆਲਾ ਦਿਹਾਤੀ ਹਲਕੇ ਦੇ ਕੁਝ ਇਲਾਕਿਆਂ ਦਾ ਦੌਰਾ ਕਰ ਕੇ ਮਾਨਸੂਨ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਦਿੱਤੀਆਂ ਹਦਾਇਤਾਂ ਦਾ ਰੀਵਿਯੂ ਕੀਤਾ ਅਤੇ ਨਾਲ ਹੀ ਬਰਸਾਤ ਦੀ ਸੰਭਾਵਨਾਂ ਦੇ ਚਲਦਿਆਂ ਲੇਬਰ ਤੇ ਮਸ਼ੀਨਾਂ ਆਦਿ ਵਧਾਉਣ ਦੀ ਵੀ ਹਦਾਇਤ ਕੀਤੀ।

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਪਟਿਆਲਾ ਨੂੰ ਹੜ੍ਹਾਂ ਦੀ ਮਾਰ’ ਆਮ ਤੌਰ ’ਤੇ ਪੈ ਹੀ ਜਾਂਦੀ ਹੈ ਪਰ ਪੰਜਾਬ ਸਰਕਾਰ ਹੁਣ ਇਸ ਕਹਾਵਤ ਨੂੰ ਬਦਲ ਦੇਵੇਗੀ ਤੇ ਅਜਿਹੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨਾਲ ਪਟਿਆਲਵੀਆਂ ਨੂੰ ਕਦੇ ਵੀ ਹੜ੍ਹਾਂ ਤੋਂ ਕੋਈ ਖ਼ਤਰਾ ਨਹੀਂ ਰਹੇਗਾ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫਲੌਲੀ ਗੁਰਦੁਆਰਾ ਸਾਹਿਬ ਨੇੜੇ ਬੰਨ੍ਹ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਹੈ, ਜਿੱਥੇ ਕਿ ਵੱਡੀ ਨਦੀ ’ਤੇ ਪਾੜ ਪੈਣ ਕਰ ਕੇ ਅਰਬਨ ਅਸਟੇਟ, ਚਿਨਾਰ ਬਾਗ, ਫ੍ਰੈਂਡਜ਼ ਇਨਕਲੇਵ ਆਦਿ ਵਿਚ ਪਾਣੀ ਆਇਆ ਸੀ, ਉਸ ਪਾੜ ਨੂੰ ਪੂਰ ਕੇ ਮਜ਼ਬੂਤ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਬਾਕੀ ਦੇ ਬੰਨ੍ਹ ਮਜ਼ਬੂਤ ਕਰਨ ਅਤੇ ਬੂਟੀ ਆਦਿ ਕੱਢਣ ਦੇ ਕੰਮ ਵੀ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯਤਨਸ਼ੀਲ ਹੈ ਕਿ ਪਟਿਆਲਾ ਕੀ ਰਾਓ ਨਦੀ, ਜੋ ਕਿ ਪਟਿਆਲਾ ਆ ਕੇ ਵੱਡੀ ਨਦੀ ਬਣ ਜਾਂਦੀ ਹੈ, ਇਸ ਉੱਪਰ ਚੰਡੀਗੜ੍ਹ, ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਜ਼ਿਲਿਆਂ ਵਿਚ ਝੀਲਾਂ ਤੇ ਖੂਹ ਬਣਾ ਕੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧੇ ਤੇ ਹੜ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ।

ਡਾ. ਬਲਬੀਰ ਸਿੰਘ ਨੇ ਫੁਲਕੀਆਂ ਇਨਕਲੇਵ, ਛੋਟੀ ਨਦੀ ਦੇ ਬਿਸ਼ਨ ਨਗਰ ਨੇੜੇ ਪੁਲ, ਵਿਰਕ ਕਾਲੋਨੀ, ਨਵੇਂ ਬੱਸ ਅੱਡਾ ਨੇੜੇ ਦੌਰਾ ਕੀਤਾ ਤੇ ਅਰਬਨ ਅਸਟੇਟ ਵਿਖੇ ਪਾਣੀ ਦੇ ਵਹਾਅ ਵਾਲੀ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਪਿੰਡ ਨੰਦ ਪੁਰ ਕੇਸ਼ੋਂ ਵਿਖੇ ਪਟਿਆਲਾ ਕੀ ਰਾਓ ਦੀ ਸਫਾਈ ਤੇ ਛੱਪੜ ’ਤੇ ਚੱਲ ਰਹੇ ਕੰਮ ਸਮੇਤ ਪਿੰਡ ਬਾਰਨ ਵਿਖੇ ਵੀ ਛੱਪੜ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਤੇ ਬਬਨਦੀਪ ਸਿੰਘ ਵਾਲੀਆ, ਡ੍ਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਕਰਨਲ ਜੇ. ਵੀ. ਸਿੰਘ ਤੇ ਜਸਬੀਰ ਸਿੰਘ ਗਾਂਧੀ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਪਿਯੂਸ਼ ਅਗਰਵਾਲ ਤੋਂ ਇਲਾਵਾ ਮੰਡੀ ਬੋਰਡ, ਜੰਗਲਾਤ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News