ਸੜਕ ''ਤੇ ''ਖਿੱਲਰੀ'' ਥਾਣਾ ਮਕਸੂਦਾਂ ਦੀ ਪ੍ਰਾਪਰਟੀ!
Wednesday, Nov 22, 2017 - 07:11 AM (IST)
ਜਲੰਧਰ, (ਜ. ਬ.)- ਅਪਰਾਧੀਆਂ ਕੋਲੋਂ ਜ਼ਬਤ ਕੀਤੇ ਗਏ ਵਾਹਨ ਪੁਲਸ ਲਈ ਸਿਰਦਰਦੀ ਬਣ ਚੁੱਕੇ ਹਨ। ਜ਼ਬਤ ਵਾਹਨਾਂ ਦੀ ਦੇਖ-ਰੇਖ ਲਈ ਲੋੜੀਂਦੇ ਇੰਤਜ਼ਾਮ ਨਾ ਹੋਣ ਕਾਰਨ ਸਾਰੇ ਵਾਹਨ ਕਬਾੜ ਬਣ ਚੁੱਕੇ ਹਨ। ਨਿਲਾਮੀ ਦੀ ਕਾਨੂੰਨੀ ਪ੍ਰਕਿਰਿਆ ਲੰਮੀ ਹੋਣ ਕਾਰਨ ਇਸ ਕਬਾੜ ਦਾ ਪੁਲਸ ਕੋਲ ਵੀ ਕੋਈ ਹੱਲ ਨਜ਼ਰ ਨਹੀਂ ਆਉਂਦਾ। ਦਿਨ-ਬ-ਦਿਨ ਵਧਦੇ ਜਾ ਰਹੇ ਕਬਾੜ ਕਾਰਨ ਥਾਣਿਆਂ ਵਿਚ ਬੈਠਣ ਦੀ ਜਗ੍ਹਾ ਘੱਟ ਹੁੰਦੀ ਜਾ ਰਹੀ ਹੈ। ਹਾਲਾਤ ਅਜਿਹੇ ਹਨ ਕਿ ਜ਼ਬਤ ਵਾਹਨਾਂ ਨੂੰ ਰੱਖਣ ਲਈ ਥਾਣਾ ਪੁਲਸ ਵਲੋਂ ਥਾਣਿਆਂ ਦੇ ਬਾਹਰ ਸੜਕਾਂ ਤੇ ਫੁੱਟਪਾਥਾਂ 'ਤੇ ਕਬਾੜ ਹੋ ਚੁੱਕੀ ਕੇਸ ਪ੍ਰਾਪਰਟੀ ਰੱਖੀ ਜਾ ਰਹੀ ਹੈ। ਥਾਣਾ ਮਕਸੂਦਾਂ ਦੀ ਕੇਸ ਪ੍ਰਾਪਰਟੀ ਸੜਕ 'ਤੇ ਖਿਲਰੀ ਨਜ਼ਰ ਆ ਰਹੀ ਹੈ। ਵੱਖ-ਵੱਖ ਕੇਸਾਂ ਵਿਚ ਜ਼ਬਤ ਵਾਹਨਾਂ ਦੀ ਸੰਭਾਲ ਪੁਲਸ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।
ਇਹ ਸਮੱਸਿਆ ਸਿਰਫ ਇਕ ਪੁਲਸ ਥਾਣੇ ਦੀ ਨਹੀਂ, ਸਗੋਂ ਹਰੇਕ ਥਾਣੇ ਦੀ ਹੈ। ਕੁਝ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਪੁਲਸ ਦੀ ਸਹੂਲਤ ਲਈ ਥਾਣਿਆਂ ਨੂੰ ਨਵੀਆਂ ਇਮਾਰਤਾਂ ਦਿੱਤੀਆਂ। ਨਵੀਆਂ ਇਮਾਰਤਾਂ ਵਿਚ ਕੇਸਾਂ ਵਿਚ ਜ਼ਬਤ ਵਾਹਨ, ਰੱਖਣ ਦੀ ਜਗ੍ਹਾ ਵੀ ਬਣਾਈ। ਇਸ ਦੇ ਬਾਵਜੂਦ ਅੱਜ ਵੀ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ।

ਜਲੰਧਰ ਅਧੀਨ ਆਉਂਦੇ ਥਾਣਾ ਮਕਸੂਦਾਂ ਦੀ ਹਾਲਤ ਦੇਖੀ ਜਾਵੇ ਤਾਂ ਉਥੇ ਤਾਇਨਾਤ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਤਰਸ ਆਉਂਦਾ ਹੈ ਕਿਉਂਕਿ ਉਨ੍ਹਾਂ ਕੋਲ ਹੀ ਬੈਠਣ, ਰੈਸਟ ਕਰਨ ਦਾ ਪੂਰਾ ਇੰਤਜ਼ਾਮ ਨਹੀਂ ਹੈ ਤਾਂ ਉਹ ਜ਼ਬਤ ਵਾਹਨਾਂ ਨੂੰ ਕਿਥੇ ਸੰਭਾਲਣਗੇ। ਥਾਣਾ ਮਕਸੂਦਾਂ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਮਾਲਖਾਨੇ ਵਿਚੋਂ ਨਿਕਲ ਕੇ ਜ਼ਬਤ ਸਾਮਾਨ ਉਥੇ ਬਣੇ ਪਾਰਕ ਤੋਂ ਬਾਅਦ ਹੁਣ ਫੁੱਟਪਾਥ ਤੇ ਸੜਕ 'ਤੇ ਆ ਚੁੱਕਾ ਹੈ, ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਆਲੇ-ਦੁਆਲੇ ਦੇ ਲੋਕ ਵੀ ਗੰਦਗੀ ਕਾਰਨ ਪ੍ਰੇਸ਼ਾਨ ਹੋ ਚੁੱਕੇ ਹਨ।
ਕੇਸ ਪ੍ਰਾਪਰਟੀ ਵਿਚ ਗਾਇਬ ਸਾਮਾਨ ਵੀ ਅਪਰਾਧ ਪੁਲਸ ਵੱਲੋਂ ਅਪਰਾਧੀਆਂ ਕੋਲੋਂ ਜਿਸ ਤਰ੍ਹਾਂ ਵਾਹਨ ਆਦਿ ਜ਼ਬਤ ਕੀਤੇ ਜਾਂਦੇ ਹਨ, ਨੂੰ ਸਮੇਂ-ਸਮੇਂ 'ਤੇ ਅਦਾਲਤ ਵਿਚ ਦਿਖਾਉਣਾ ਪੈਂਦਾ ਹੈ। ਨਿਯਮ ਹਨ ਕਿ ਵਾਹਨ ਜਿਸ ਹਾਲਤ ਵਿਚ ਜ਼ਬਤ ਹੋਇਆ ਹੈ, ਉਸੇ ਹਾਲਤ ਵਿਚ ਦਿਖਾਉਣਾ ਹੁੰਦਾ ਹੈ ਪਰ ਮੌਜੂਦਾ ਹਾਲਾਤ ਬਿਲਕੁਲ ਉਲਟ ਹਨ। ਜ਼ਬਤ ਕਰਨ ਵੇਲੇ ਤੇ ਮੌਜੂਦਾ ਹਾਲਤ ਵਿਚ ਵਾਹਨ ਨੂੰ ਜੇਕਰ ਮਾਲਕ ਨੂੰ ਦਿਖਾਇਆ ਜਾਵੇ ਤਾਂ ਉਹ ਵੀ ਇਸ ਨੂੰ ਪਛਾਣ ਨਹੀਂ ਸਕਦਾ।
ਆਲੇ-ਦੁਆਲੇ ਦੇ ਦੁਕਾਨਦਾਰ ਤੇ ਲੋਕ ਪ੍ਰੇਸ਼ਾਨ- ਦੱਸਣਯੋਗ ਹੈ ਕਿ ਥਾਣਾ ਮਕਸੂਦਾਂ ਰਿਹਾਇਸ਼ੀ ਇਲਾਕੇ ਤੇ ਦੁਕਾਨਾਂ ਦੇ ਵਿਚਕਾਰ ਹੈ। ਥਾਣਾ ਮਕਸੂਦਾਂ ਵੱਲੋਂ ਲਗਾਤਾਰ ਜ਼ਬਤ ਵਾਹਨ ਹੁਣ ਥਾਣੇ ਦੇ ਬਾਹਰ ਰੱਖੇ ਜਾਂਦੇ ਹਨ।
ਜ਼ਬਤ ਵਾਹਨਾਂ ਕਾਰਨ ਉਥੇ ਗੰਦਗੀ ਫੈਲੀ ਹੋਈ ਹੈ ਤੇ ਵਾਹਨਾਂ 'ਚ ਘਾਹ-ਬੂਟੀ ਉੱਗੀ ਹੋਈ ਹੈ। ਜਾਨਵਰ ਵੀ ਹਰ ਸਮੇਂ ਉਥੇ ਘੁੰਮਦੇ ਰਹਿੰਦੇ ਹਨ। ਆਲੇ-ਦੁਆਲੇ ਦੇ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਥਾਣਾ ਮਕਸੂਦਾਂ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਹੀ ਕਾਰਨ ਹੈ। ਆਮ ਤੌਰ 'ਤੇ ਪੁਲਸ ਸਟੇਸ਼ਨ ਨੇੜੇ ਹੋਣ ਕਾਰਨ ਸੁਰੱਖਿਆ ਰਹਿੰਦੀ ਹੈ ਪਰ ਉਨ੍ਹਾਂ ਨੂੰ ਗੰਦਗੀ 'ਚ ਜੀਣਾ ਪੈ ਰਿਹਾ ਹੈ।
