ਸਾਢੇ 22 ਲੱਖ ਦੀ ਲੁੱਟ ਦਾ ਮਾਮਲਾ ਪੁਲਸ ਨੇ 48 ਘੰਟਿਆਂ ’ਚ ਸੁਲਝਾਇਆ, ਖੁਦ ਹੀ ਰਚੀ ਸੀ ਮਨਘੜਤ ਕਹਾਣੀ

Sunday, Aug 20, 2023 - 10:29 PM (IST)

ਸਾਢੇ 22 ਲੱਖ ਦੀ ਲੁੱਟ ਦਾ ਮਾਮਲਾ ਪੁਲਸ ਨੇ 48 ਘੰਟਿਆਂ ’ਚ ਸੁਲਝਾਇਆ, ਖੁਦ ਹੀ ਰਚੀ ਸੀ ਮਨਘੜਤ ਕਹਾਣੀ

ਜਲਾਲਾਬਾਦ (ਨਿਖੰਜ, ਜਤਿੰਦਰ, ਆਦਰਸ਼) : 18 ਅਗਸਤ ਦੀ ਦੁਪਹਿਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਹਾਈਵੇ ’ਤੇ ਚੜ੍ਹ ਰਹੇ ਕਾਰ ਸਵਾਰ ਵਿਅਕਤੀ ਵੱਲੋਂ 22 ਲੱਖ 50 ਹਜ਼ਾਰ ਰੁਪਏ ਦੀ ਲੁੱਟ ਦਾ ਡਰਾਮਾ ਫ਼ਿਲਮੀ ਅੰਦਾਜ਼ ’ਚ ਰਚਿਆ ਗਿਆ ਸੀ ਕਿ 2 ਮੋਟਰਸਾਈਕਲ ਸਵਾਰ ਵਿਅਕਤੀ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਲੁੱਟ ਕਰਕੇ ਫਰਾਰ ਹੋ ਗਏ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜ਼ਿਲ੍ਹਾ ਫਾਜ਼ਿਲਕਾ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਪੁਲਸ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਮਾਮਲਾ 48 ਘੰਟੇ ਅੰਦਰ ਸੁਲਝਾ ਲਿਆ ਹੈ।

ਇਹ ਵੀ ਪੜ੍ਹੋ : ਪਾਣੀ ’ਚ ਡੁੱਬੇ ਪਿੰਡ ਚੱਕ ਟਾਹਲੀਵਾਲਾ ਦੇ ਕਿਸਾਨ ਦੀ NDRF ਟੀਮਾਂ ਵੱਲੋਂ ਭਾਲ ਜਾਰੀ

ਇਸ ਸਬੰਧੀ ਅੱਜ ਜਲਾਲਾਬਾਦ ਦੇ ਡੀਐੱਸਪੀ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਐੱਸਐੱਸਪੀ ਢੇਸੀ ਨੇ ਕਿਹਾ ਕਿ ਕਾਰ ਸਵਾਰ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨੇ ਪੁਲਸ ਨੂੰ ਦੱਸਿਆ ਕਿ 18 ਅਗਸਤ ਦੀ ਦੁਪਹਿਰ ਕਰੀਬ 12 ਵਜੇ ਉਸ ਕੋਲ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ 22 ਲੱਖ 50 ਹਜ਼ਾਰ ਰੁਪਏ ਲੁੱਟ ਲਏ। ਇਹ ਪੈਸੇ ਉਸ ਨੇ ਵੱਖ-ਵੱਖ ਤਰੀਕਾਂ ਨੂੰ ਆਪਣੇ ਤੇ ਆਪਣੀ ਪਤਨੀ ਦੇ ਬੈਂਕ ਖਾਤੇ 'ਚੋਂ ਕੱਢਵਾ ਕੇ ਘਰ ਰੱਖੇ ਹੋਏ ਸਨ ਅਤੇ 4 ਲੱਖ ਰੁਪਏ 18 ਅਗਸਤ ਨੂੰ ਆਪਣੇ ਦੋਸਤ ਜੁਗਰਾਜ ਸਿੰਘ ਦੇ ਘਰ ਪਿੰਡ ਮੱਲਾ ਜ਼ਿਲ੍ਹਾ ਜਗਰਾਓਂ ਨੂੰ ਦੇਣ ਜਾ ਰਿਹਾ ਸੀ। ਜਦ ਉਹ ਆਪਣੀ ਕਾਰ ਨੰਬਰ ਐੱਚਡਬਲਯੂ 3101 'ਚ ਪੈਟਰੋਲ ਪੰਪ ਤੋਂ ਡੀਜ਼ਲ ਪੁਆ ਕੇ ਮੇਨ ਰੋਡ ’ਤੇ ਗੱਡੀ ਚੜ੍ਹਾਉਣ ਲੱਗਾ ਤਾਂ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਆਪਣਾ ਮੋਟਰਸਾਈਕਲ ਉਸ ਦੀ ਕਾਰ ਦੇ ਅੱਗੇ ਲਗਾ ਕੇ ਕਾਰ ਨੂੰ ਰੋਕ ਦਿੱਤਾ। ਮੋਟਰਸਾਈਕਲ ਚਾਲਕ ਨੇ ਉਸ ’ਤੇ ਆਪਣਾ ਪਿਸਤੌਲ ਤਾਣ ਦਿੱਤਾ। ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕਾਰ ਦੀ ਕੰਡਕਟਰ ਸੀਟ ’ਤੇ 22,50,000 ਰੁਪਏ ਵਾਲੀ ਕਿੱਟ ਚੁੱਕੀ ਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਘਰ 'ਚੋਂ ਲੁੱਟੇ ਗਹਿਣੇ ਤੇ ਨਕਦੀ

ਇਸ ਸਬੰਧੀ ਵੱਖ-ਵੱਖ ਧਾਰਾਵਾਂ ਸਣੇ ਅਸਲਾ ਐਕਟ ਤਹਿਤ ਥਾਣਾ ਅਮੀਰ ਖਾਸ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਦਈ ਗੁਰਸੇਵਕ ਸਿੰਘ ਦਾ ਇਕ ਰਿਸ਼ਤੇਦਾਰ ਜੋ ਇਕ ਯੂਐੱਸਏ ’ਚ ਰਹਿੰਦਾ ਸੀ, ਨੇ ਆਪਣੀ ਜ਼ਮੀਨ ਮੁੱਦਈ ਗੁਰਸੇਵਕ ਸਿੰਘ ਜ਼ਰੀਏ ਵੇਚੀ ਸੀ, ਜਿਸ ਦੇ ਪੈਸੇ ਇਸ ਕੋਲ ਪਏ ਹੋਏ ਸਨ। ਗੁਰਸੇਵਕ ਸਿੰਘ ਦੇ ਮਨ ਵਿੱਚ ਪੈਸਿਆਂ ਨੂੰ ਦੇਖ ਕੇ ਬੇਈਮਾਨੀ ਆ ਗਈ ਤੇ ਇਸ ਨੇ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੱਧੂ ਵਾਲਾ ਉਤਾੜ ਤੇ ਆਪਣੀ ਭੂਆ ਦੇ ਲੜਕੇ ਜਰਮਨ ਸਿੰਘ ਪੁੱਤਰ ਗੁਰਸ਼ਿੰਦਰ ਸਿੰਘ ਵਾਸੀ ਕੋਹਰ ਸਿੰਘ ਵਾਲਾ ਥਾਣਾ ਲੱਖੋ ਕੇ ਬਹਿਰਾਮ ਨਾਲ ਮਿਲੀਭੁਗਤ ਕਰਕੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਕ ਖੂਨੀ ਲੁੱਟ ਦੀ ਕਹਾਣੀ ਬਣਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਅਰਬ ਦੇਸ਼ਾਂ 'ਚ ਫਸੀਆਂ 4 ਲੜਕੀਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਘਰ

ਪੁਲਸ ਮੁਤਾਬਕ ਇਸ ਮਾਮਲੇ ’ਚ ਸ਼ਾਮਲ ਗੁਰਸੇਵਕ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਇਸ ਕੋਲੋਂ ਲੁੱਟ ਦੇ 16 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਮਾਮਲੇ ਦੀ ਤਫਤੀਸ਼ ਜਾਰੀ ਹੈ, ਬਾਕੀ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਉਪ ਕਪਤਾਨ ਪੁਲਸ ਫਾਜ਼ਿਲਕਾ ਸੁਖਵਿੰਦਰ ਸਿੰਘ, ਡੀਐੱਸਪੀ ਜਲਾਲਾਬਾਦ ਅੱਛਰੂ ਰਾਮ ਸ਼ਰਮਾ, ਸੀਆਈਏ ਫਾਜ਼ਿਲਕਾ ਇੰਚਰਾਜ ਅਮਰਿੰਦਰ ਸਿੰਘ ਗਿੱਲ, ਸਪੈਸ਼ਲ ਬ੍ਰਾਂਚ ਫਾਜ਼ਿਲਕਾ ਨਵਦੀਪ ਸ਼ਰਮਾ ਤੋਂ ਇਲਾਵਾ ਪੁਲਸ ਥਾਣਿਆਂ ਦੇ ਮੁਖੀ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News