ਅੱਜ ਹਰਕਤ 'ਚ ਆਈ ਅਜਨਾਲਾ ਪੁਲਸ ਨੇ ਸਥਾਨਕ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਕੀਤਾ ਸੀਲ
Saturday, May 02, 2020 - 06:28 PM (IST)
ਅਜਨਾਲਾ (ਗੁਰਿੰਦਰ ਸਿੰਘ ਬਾਠ): ਬੀਤੇ ਦਿਨਾਂ ਤੋਂ ਜਿੱਥੇ ਸ਼ਹਿਰ ਅਜਨਾਲਾ 'ਚ ਕਰਫਿਊ ਨਾਂ ਦੀ ਕੋਈ ਵੀ ਗੱਲ ਵੇਖਣ ਨੂੰ ਨਹੀਂ ਮਿਲ ਰਹੀ ਸੀ ਉੱਥੇ ਅੱਜ ਪੁਲਸ ਥਾਣਾ ਅਜਨਾਲਾ ਵਲੋਂ ਡੀ.ਐੱਸ.ਪੀ. ਸੋਹਣ ਸਿੰਘ ਅਜਨਾਲਾ ਅਤੇ ਐਸ.ਐਚ.ਓ.ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਸ਼ਹਿਰ ਅਜਨਾਲਾ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਜਨਾਲਾ ਸੋਹਣ ਸਿੰਘ ਅਤੇ ਐਸ.ਐਚ.ਓ. ਅਜਨਾਲਾ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਪਾਏ ਗਏ ਕੋਰੋਨਾ ਪਾਜ਼ੇਟਿਵ ਵਿਅਕਤੀਆਂ 'ਚੋਂ ਤਿੰਨ ਵਿਅਕਤੀ ਅਜਨਾਲਾ ਸਬ-ਡਿਵੀਜ਼ਨ ਨਾਲ ਵੀ ਸਬੰਧਿਤ ਹਨ, ਜਿਸ ਕਰਕੇ ਪੁਲਸ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਅਤੇ ਲੋਕਾਂ ਨੂੰ ਘਰਾਂ ਅੰਦਰ ਹੀ ਸੁਰੱਖਿਅਤ ਰਹਿਣ ਲਈ ਵਾਰ-ਵਾਰ ਅਪੀਲ ਕਰ ਰਹੀ ਹੈ।
ਦੁਕਾਨਦਾਰਾਂ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ ਅਤੇ ਇਹ ਸਰਕਾਰੀ ਹੁਕਮਾਂ ਮੁਤਾਬਕ ਟਾਈਮ 'ਤੇ ਹੀ ਖੁੱਲ੍ਹਣਗੀਆਂ ਪਰ ਕਿਸੇ ਵੀ ਦੁਕਾਨ 'ਤੇ ਇੱਕ ਤੋਂ ਵੱਧ ਵਿਅਕਤੀ ਦੇ ਖਲੋਣ ਦੀ ਇਜਾਜ਼ਤ ਨਹੀਂ ਹੈ। ਦੁਕਾਨਦਾਰ ਸਿਰਫ ਘਰਾਂ ਤੱਕ ਹੀ ਸਾਮਾਨ ਆਰਡਰ 'ਤੇ ਭੇਜ ਸਕਣਗੇ।ਉਨ੍ਹਾਂ ਸਪੱਸ਼ਟ ਕੀਤਾ ਕਿ ਸੱਤ ਤੋਂ ਗਿਆਰਾਂ ਵਜੇ ਸਵੇਰੇ ਦੁਕਾਨਾਂ ਖੁੱਲ੍ਹਣ ਦੀ ਕੋਈ ਵੀ ਹਦਾਇਤ ਲਿਖਤੀ ਤੌਰ 'ਤੇ ਉਨ੍ਹਾਂ ਕੋਲ ਨਹੀਂ ਪਹੁੰਚੀ ਅਤੇ ਕੋਈ ਵੀ ਦੁਕਾਨਦਾਰ ਸਵੇਰੇ ਸੱਤ ਵਜੇ ਤੋਂ ਗਿਆਰਾਂ ਵਜੇ ਤੱਕ ਦੁਕਾਨ ਖੋਲ੍ਹਣ ਦੀ ਖੇਚਲ ਨਾ ਕਰੇ ਦੁਕਾਨਾਂ ਪਹਿਲੇ ਟਾਈਮ ਅਨੁਸਾਰ ਹੀ ਖੋਲ੍ਹੀਆਂ ਜਾ ਸਕਣਗੀਆਂ ਅਤੇ ਜਿਸ ਕੋਲ ਪਰਮਿਸ਼ਨ ਨਹੀਂ ਹੈ ਉਹ ਦੁਕਾਨ ਨਹੀਂ ਖੋਲ੍ਹ ਸਕੇਗਾ।