ਪੁਲਸ ਨੇ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਗ੍ਰਿਫ਼ਤਾਰ 44 ਵਿਅਕਤੀ ਕੀਤੇ ਰਿਹਾਅ
Friday, Mar 24, 2023 - 09:49 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਸੂਬੇ ’ਚ ਅਮਨ-ਕਾਨੂੰਨ ਨੂੰ ਖ਼ੋਰਾ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅਹਿਤਿਆਤ ਵਜੋਂ ਗ੍ਰਿਫ਼ਤਾਰ ਕੀਤੇ ਗਏ 44 ਵਿਅਕਤੀਆਂ ਨੂੰ ਪੁਲਸ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪ੍ਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪ੍ਰੇਸ਼ਾਨ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਸਨ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਜਨਤਾ ਦੇ ਵਡੇਰੇ ਹਿੱਤਾਂ ਵਿਚ ਅਤੇ ਨੌਜਵਾਨਾਂ ਨੂੰ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਪੁਲਸ ਨੇ ਉਨ੍ਹਾਂ ਵਿਅਕਤੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੀ ਘੱਟੋ-ਘੱਟ ਭੂਮਿਕਾ ਹੈ ਜਾਂ ਜੋ ਬਸ ਐਵੇਂ ਭਾਵਨਾ ’ਚ ਵਹਿ ਕੇ ਅੰਮ੍ਰਿਤਪਾਲ ਨਾਲ ਤੁਰ ਪਏ ਸਨ। ਅਜਿਹੇ 44 ਵਿਅਕਤੀਆਂ, ਜਿਨ੍ਹਾਂ ਨੂੰ ਅਹਿਤਿਆਤ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਸ਼ੁੱਕਰਵਾਰ ਨੂੰ ਭਵਿੱਖ ਵਿਚ ਚੰਗੇ ਆਚਰਣ ਦੇ ਵਾਅਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਦੇ ਐਲਾਨ ਕਿ ਪੰਜਾਬ ਪੁਲਸ 177 ਗ੍ਰਿਫ਼ਤਾਰ ਵਿਅਕਤੀਆਂ ਨੂੰ ਨਿਵਾਰਕ ਹਿਰਾਸਤ ਤੋਂ ਰਿਹਾਅ ਕਰ ਸਕਦੀ ਹੈ, ਦੇ ਇਕ ਦਿਨ ਬਾਅਦ ਅਮਲ ’ਚ ਲਿਆਂਦੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)
ਜ਼ਿਕਰਯੋਗ ਹੈ ਕਿ ਸੂਬੇ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੁਲ 207 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 30 ਗੰਭੀਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਗਏ ਹਨ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਸੁਰੱਖਿਆ ਦੀ ਨਜ਼ਰੋਂ ਅਹਿਤਿਆਤ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਅੰਮ੍ਰਿਤ ਛਕਣ ਅਤੇ ਨਸ਼ਾ ਛੁਡਾਉਣ ਵਿਚ ਸ਼ਾਮਲ ਲੋਕਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਨੂੰ ਲੈ ਕੇ ਅਕਾਲੀ ਦਲ ਨੇ ਚੁੱਕੇ ਵੱਡੇ ਸਵਾਲ
ਆਈ. ਜੀ. ਪੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਬਾਕੀ ਰਹਿੰਦੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਅਹਿਤਿਆਤਨ ਗ੍ਰਿਫ਼ਤਾਰੀ ਅਧੀਨ ਹਨ ਅਤੇ ਜੇਕਰ ਉਹ ਕਿਸੇ ਵੀ ਠੋਸ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਨਾ ਪਾਏ ਗਏ ਤਾਂ ਜਲਦ ਹੀ ਉਨ੍ਹਾਂ ਨੂੰ ਵੀ ਪੁਲਸ ਹਿਰਾਸਤ ’ਚੋਂ ਛੱਡ ਦਿੱਤਾ ਜਾਵੇਗਾ । ਜ਼ਿਕਰਯੋਗ ਹੈ ਕਿ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਖੇਡਣ ਤੋਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ।