ਪੁਲਸ ਵਲੋਂ ਮਸਾਜ ਕੇਂਦਰ 'ਤੇ ਛਾਪੇਮਾਰੀ, ਦੁਕਾਨ ਮਾਲਕ ਸਮੇਤ 7 ਕਾਬੂ
Sunday, Jun 06, 2021 - 08:52 PM (IST)
ਪਾਤੜਾਂ (ਅਡਵਾਨੀ, ਚੋਪੜਾ)- ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਸੂਬੇ ’ਚ ਚੱਲ ਰਹੇ ਹਫ਼ਤਾਵਰੀ ਲਾਕਡਾਊਨ ਦੌਰਾਨ ਪਾਤਡ਼ਾਂ ਦੇ ਕਾਰ ਬਾਜ਼ਾਰ ’ਚ ਚੱਲਦੇ ਇਕ ਮਸਾਜ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੁਕਾਨ ਮਾਲਕ ਸਮੇਤ 5 ਲਡ਼ਕੇ ਅਤੇ 2 ਲਡ਼ਕੀਆਂ ਨੂੰ ਮਸਾਜ ਕੇਂਦਰ ’ਤੇ ਕਾਬੂ ਕਰ ਲਿਆ ਗਿਆ। ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਸ਼ਹਿਰ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਪੁਲਸ ਵੱਲੋਂ ਮੌਕੇ ’ਤੇ ਕਾਬੂ ਕੀਤੀਆਂ ਦੋਵੇਂ ਲਡ਼ਕੀਆਂ ਦੇ ਮੈਡੀਕਲ ਤੋਂ ਬਾਅਦ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਬਾਅਦ ਐਤਵਾਰ ਦੁਪਹਿਰ ਸ਼ਹਿਰ ’ਚ ਉਸ ਸਮੇਂ ਹਲਚਲ ਮਚ ਗਈ, ਜਦੋਂ ਉੱਤਰੀ ਭਾਰਤ ਦੇ ਪ੍ਰਸਿੱਧ ਕਾਰ ਬਾਜ਼ਾਰ ’ਚ ਸਨਸਿਟੀ ਕਾਲੋਨੀ ਕੋਲ ਚੱਲਦੇ ਮਸਾਜ ਕੇਂਦਰ ’ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਚੁਬਾਰੇ ’ਚ ਚੱਲਦੇ ਮਸਾਜ ਕੇਂਦਰ ’ਚੋਂ ਦੁਕਾਨ ਮਾਲਕ ਸਮੇਤ 4 ਹੋਰ ਲਡ਼ਕੇ ਅਤੇ 2 ਲਡ਼ਕੀਆਂ ਨੂੰ ਫਡ਼ ਕੇ ਸਿਟੀ ਚੌਕੀ ’ਚ ਲਿਆਂਦਾ ਗਿਆ। ਸੂਚਨਾ ਇਹ ਸੀ ਕਿ ਮਸਾਜ ਕੇਂਦਰ ’ਚ ਲਡ਼ਕੀਆਂ ਤੋਂ ਮਸਾਜ ਕਰਵਾਉਣ ਦੇ ਬਹਾਨੇ ਗਾਹਕਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਹਨ। ਫਡ਼ੇ ਗਏ ਲਡ਼ਕਿਆਂ ’ਚ ਸ਼ਾਮਲ 2 ਲਡ਼ਕੇ ਸ਼ਹਿਰ ਦੇ ਵੱਡੇ ਘਰਾਣਿਆਂ ਨਾਲ ਸਬੰਧਤ ਦੱਸੇ ਜਾਂਦੇ ਹਨ, ਜਦੋਂਕਿ 2 ਮਾਨਸਾ ਜ਼ਿਲੇ ਦੇ ਬਰੇਟਾ ਮੰਡੀ ਅਤੇ ਇਕ ਸੰਗਰੂਰ ਜ਼ਿਲੇ ਦੇ ਪਿੰਡ ਬੰਗਾ ਪਿੰਡ ਤੋਂ ਦੱਸਿਆ ਜਾਂਦਾ ਹੈ। ਮਸਾਜ ਕੇਂਦਰ ਵਾਲੀ ਥਾਂ ਦਾ ਮਾਲਕ ਗੱਡੀਆਂ ਦੀ ਇੰਸ਼ੋਰੈਂਸ ਕਰਨ ਵਾਲੀਆਂ ਏਜੰਸੀਆਂ ਦਾ ਏਜੰਟ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ, ਜਾਰੀ ਕੀਤੇ ਇਹ ਨਵੇਂ ਹੁਕਮ
ਥਾਣਾ ਮੁਖੀ ਪਾਤਡ਼ਾਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਸੂਚਨਾ ਮਗਰੋਂ ਸਿਟੀ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਛਾਪੇਮਾਰੀ ਕੀਤੀ ਗਈ ਸੀ। ਪੁਲਸ ਵੱਲੋਂ ਮਾਮਲੇ ਦੀ ਮੁੱਢਲੀ ਪਡ਼ਤਾਲ ਦੌਰਾਨ ਮੌਕੇ ’ਤੇ ਫਡ਼ੀਆਂ ਲਡ਼ਕੀਆਂ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।