ਪੁਲਸ ਨੇ ਆਟੋਆਂ ਪਿੱਛੇ ਚਿਪਕਾਏ ਗੈਂਗਰੇਪ ਮੁਲਜ਼ਮਾਂ ਦੇ ਪੋਸਟਰ

11/24/2017 3:34:40 AM

ਚੰਡੀਗੜ੍ਹ (ਸੁਸ਼ੀਲ)— ਲੜਕੀ ਨਾਲ ਗੈਂਗਰੇਪ ਦੇ ਮਾਮਲੇ 'ਚ ਫਰਾਰ ਆਟੋ ਚਾਲਕ ਤੇ ਉਸ ਦੇ ਦੋ ਸਾਥੀਆਂ ਦਾ ਸੁਰਾਗ ਲਾਉਣ ਲਈ ਚੰਡੀਗੜ੍ਹ ਪੁਲਸ ਨੇ ਸ਼ਹਿਰ ਦੇ ਆਟੋਆਂ ਦੇ ਪਿੱਛੇ ਮੁਲਜ਼ਮਾਂ ਦੇ ਪੋਸਟਰ ਲਾ ਦਿੱਤੇ। ਪੁਲਸ ਦਾ ਮੰਨਣਾ ਹੈ ਕਿ ਆਟੋ ਟ੍ਰਾਈਸਿਟੀ ਤੋਂ ਸਵਾਰੀਆਂ ਲੈ ਕੇ ਆਉਂਦੇ-ਜਾਂਦੇ ਹਨ। ਆਟੋਆਂ ਦੇ ਪਿੱਛੇ ਪੋਸਟਰ ਲਾਉਣ ਨਾਲ ਲੋਕ ਮੁਲਜ਼ਮਾਂ ਨੂੰ ਪਛਾਣ ਕੇ ਉਨ੍ਹਾਂ ਬਾਰੇ ਸੂਚਨਾ ਦੇ ਸਕਦੇ ਹਨ। 
ਫਰਾਰ ਆਟੋ ਚਾਲਕ ਤੇ ਉਸ ਦੇ ਦੋ ਸਾਥੀਆਂ ਨੂੰ ਫੜਨ ਦੇ ਮਾਮਲੇ 'ਚ ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਨੇ ਸਾਰੇ ਥਾਣਾ ਮੁਖੀਆਂ ਨੂੰ ਸੌਂਪੇ ਗਏ ਕੰਮਾਂ ਦੀ ਸਟੇਟਸ ਰਿਪੋਰਟ ਸ਼ਾਮ 8 ਵਜੇ ਤੋਂ ਪਹਿਲਾਂ ਸੌਂਪਣ ਲਈ ਕਿਹਾ ਹੈ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਪੁਲਸ ਦੇ ਹੱਥ ਬਿਲਕੁਲ ਖਾਲੀ ਹਨ। ਇਹ ਕੇਸ ਵੀ ਚੰਡੀਗੜ੍ਹ ਪੁਲਸ ਦੀਆਂ ਫਾਈਲਾਂ 'ਚ ਦੱਬ ਕੇ ਰਹਿ ਜਾਵੇਗਾ ਤੇ 7 ਦਿਨ ਬਾਅਦ ਵੀ ਚੰਡੀਗੜ੍ਹ ਪੁਲਸ ਮਾਮਲੇ 'ਚ ਕੋਈ ਸੁਰਾਗ ਨਹੀਂ ਲਾ ਸਕੀ ਹੈ।
ਇਹ ਸੀ ਮਾਮਲਾ : ਮੋਹਾਲੀ ਵਾਸੀ ਇਕ ਲੜਕੀ 17 ਨਵੰਬਰ ਨੂੰ ਸੈਕਟਰ-37 'ਚ ਟਾਈਪਿੰਗ ਦੀ ਕਲਾਸ ਲਾ ਕੇ ਆਟੋ 'ਚ ਮੋਹਾਲੀ ਨੂੰ ਜਾ ਰਹੀ ਸੀ ਕਿ ਸੈਕਟਰ-53 ਦੇ ਜੰਗਲ ਨੇੜੇ ਆਟੋ ਚਾਲਕ ਤੇ ਉਸ ਦੇ ਦੋ ਸਾਥੀ ਲੜਕੀ ਨਾਲ ਗੈਂਗਰੇਪ ਕਰ ਕੇ ਫਰਾਰ ਹੋ ਗਏ। ਲੜਕੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਮਗਰੋਂ ਆਟੋ ਚਾਲਕ ਤੇ ਉਸ ਦੇ ਦੋ ਸਾਥੀਆਂ 'ਤੇ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਸੈਕਟਰ-42 ਦੇ ਪੈਟਰੋਲ ਪੰਪ ਤੋਂ ਤਿੰਨਾਂ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਦਾ ਸੁਰਾਗ ਲਾਉਣ ਲਈ ਸ਼ਹਿਰ ਦੇ ਆਟੋ ਚਾਲਕਾਂ ਤੋਂ ਪੁੱਛਗਿਛ ਕੀਤੀ ਸੀ।
ਵਟਸਐਪ ਜ਼ਰੀਏ ਮੁਲਜ਼ਮਾਂ ਦੀ ਫੋਟੋ ਭੇਜੀ ਜਾ ਰਹੀ ਹੈ ਜਨਤਾ ਨੂੰ
ਮੁਲਜ਼ਮਾਂ ਨੂੰ ਫੜਨ ਲਈ ਚੰਡੀਗੜ੍ਹ ਪੁਲਸ ਦੇ ਕਰਮਚਾਰੀ ਵਟਸਐਪ ਦੀ ਵਰਤੋਂ ਕਰ ਰਹੇ ਹਨ। ਉਹ ਆਪਣੇ-ਆਪਣੇ ਜਾਣਕਾਰਾਂ ਦੇ ਗਰੁੱਪ 'ਚ ਮੁਲਜ਼ਮਾਂ ਦੀ ਫੋਟੋ ਭੇਜ ਰਹੇ ਹਨ ਤਾਂ ਜੋ ਕਿਸੇ ਨਾ ਕਿਸੇ ਵਿਅਕਤੀ ਤੋਂ ਮੁਲਜ਼ਮਾਂ ਬਾਰੇ ਸੁਰਾਗ ਮਿਲ ਸਕੇ। ਪੁਲਸ ਨੂੰ ਉਮੀਦ ਹੈ ਕਿ ਸੋਸ਼ਲ ਮੀਡੀਆ ਰਾਹੀਂ ਵੀ ਮੁਲਜ਼ਮ ਪੁਲਸ ਦੀ ਪਕੜ 'ਚ ਆ ਸਕਦੇ ਹਨ।


Related News