ਪੁਲਸ ਮੁਲਾਜ਼ਮਾਂ ਨੇ ਪਹਿਲਾਂ ਕਾਰ ਨਾਲ ਮਾਰੀ ਨੌਜਵਾਨਾਂ ਨੂੰ ਟੱਕਰ, ਫੇਰ ਕੀਤੀ ਕੁੱਟਮਾਰ, 1 ਦੀ ਹੋਈ ਮੌਤ
Tuesday, Jun 25, 2024 - 10:18 PM (IST)
ਮੋਗਾ (ਗੋਪੀ ਰਾਉਕੇ/ਅਕਾਲੀਆਂ ਵਾਲਾ/ਕਸ਼ਿਸ਼)- ਫਤਿਹਗੜ੍ਹ ਪੰਜਤੂਰ ਦੇ ਇੱਕ ਨੌਜਵਾਨ ਦੀ ਪੁਲਸ ਮੁਲਾਜ਼ਮ ਵੱਲੋਂ ਕੁੱਟਮਾਰ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਪੁਲਸ ਥਾਣਾ ਫਤਿਹਗੜ੍ਹ ਪੰਜਤੂਰ ਵਿਖੇ ਪਹੁੰਚੇ।
ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੇ ਦੱਸਿਆ ਕਿ ਉਹ ਤੇ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਘਰੇਲੂ ਕੰਮ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਖੰਨਾ ਰਾਹੀਂ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਸਤਲੁਜ ਦਰਿਆ 'ਤੇ ਬੇੜੀ ਨਾ ਮਿਲਣ ਕਾਰਨ ਉਹ ਵਾਪਸ ਆ ਰਹੇ ਸਨ ਕਿ ਲਲਿਹਾਂਦੀ ਦਾਣਾ ਮੰਡੀ ਜ਼ਿਲ੍ਹਾ ਮੋਗਾ ਕੋਲ, ਸਾਹਮਣੇ ਆ ਰਹੀ ਸਵਿਫਟ ਵੀ.ਡੀ.ਆਈ. ਕਾਰ, ਜਿਸ ਵਿੱਚ ਪੰਜਾਬ ਪੁਲਸ ਦੇ ਮੁਲਾਜ਼ਮ ਚੌਂਕੀ ਜੋਗੇ ਵਾਲਾ ਸਵਾਰ ਸਨ, ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, 10 ਜੁਲਾਈ ਨੂੰ ਕਾਮਿਆਂ ਨੂੰ ਮਿਲੇਗੀ ਤਨਖਾਹੀ ਛੁੱਟੀ
ਪੁਲਸ ਮੁਲਾਜ਼ਮਾਂ ਨੇ ਕਾਰ ਤੋਂ ਉਤਰਦੇ ਹੀ ਉਨ੍ਹਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਜਦਕਿ ਉਨ੍ਹਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਸ ਦੌਰਾਨ ਮੁਲਾਜ਼ਮ ਪ੍ਰਤਾਪ ਸਿੰਘ ਨੇ ਵਿਜੇ ਕੁਮਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਵਿਜੇ ਦੇ ਮੂੰਹ ਉੱਤੇ ਸੱਟਾਂ ਮਾਰੀਆਂ ਅਤੇ ਉਸ ਦੇ ਗਲ਼ ਵਿੱਚ ਪਾਏ ਪਰਨੇ ਨਾਲ ਗਲ਼ਾ ਘੁੱਟਿਆ। ਗੁਰਪ੍ਰੀਤ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਜੇ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਵਿਜੇ ਦੀ ਮੌਤ ਹੋ ਗਈ। ਇਹ ਦੇਖ ਕੇ ਪੁਲਸ ਮੁਲਾਜ਼ਮ ਉਥੋਂ ਭੱਜ ਗਏ।
ਗੁਰਪ੍ਰੀਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਰਾਹੀਂ ਘਟਨਾ ਬਾਰੇ ਦੱਸਿਆ। ਪਰਿਵਾਰ ਵਾਲਿਆਂ ਨੇ ਵਿਜੇ ਕੁਮਾਰ ਦੀ ਲਾਸ਼ ਨੂੰ ਥਾਣੇ ਦੇ ਸਾਹਮਣੇ ਰੱਖ ਕੇ ਇਨਸਾਫ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਡੀ.ਐੱਸ.ਪੀ. ਜ਼ੀਰਾ ਅਤੇ ਡੀ.ਐੱਸ.ਪੀ. ਧਰਮਕੋਟ ਮੌਕੇ 'ਤੇ ਪਹੁੰਚੇ। ਮ੍ਰਿਤਕ ਵਿਜੇ ਕੁਮਾਰ ਦਾ ਪਰਿਵਾਰ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e