ਸਟੇਸ਼ਨ 'ਤੇ ASI ਦਾ ਕਾਰਾ, ਵੀਡੀਓ ਹੋਈ ਵਾਇਰਲ, ਸਰਕਾਰ ਜੀ ਕਰੋ ਗੌਰ

01/13/2020 8:09:42 AM

ਲੁਧਿਆਣਾ— ਪੁਲਸ ਵਰਦੀ ਮਿਲਣ ਦਾ ਮਤਲਬ ਜਿਵੇਂ ਕੁਝ ਨੂੰ ਧੱਕੇਸ਼ਾਹੀ ਦਾ ਲਾਇਸੈਂਸ ਹੀ ਮਿਲ ਗਿਆ ਹੋਵੇ। ਇਸ ਖੁੱਲ੍ਹ 'ਤੇ ਹੁਣ ਸ਼ਿਕੰਜ਼ਾ ਕੱਸਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਜੋ ਪੁਲਸ ਵਰਦੀ 'ਚ ਲੋਕਾਂ ਨਾਲ ਹੋਣ ਵਾਲੀ ਗੁੰਡਾਗਰਦੀ 'ਤੇ ਰੋਕ ਲੱਗ ਸਕੇ।

 

ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਗਰੀਬ ਜੋ ਚਾਹ ਵੇਚਦਾ ਹੈ ਉਸ 'ਤੇ ਇਕ ਪੁਲਸ ਵਾਲੇ ਨੇ ਕਿਵੇਂ ਵਰਦੀ ਦੇ ਰੋਹਬ 'ਚ ਕਾਨੂੰਨ ਛਿੱਕੇ ਟੰਗਦੇ ਹੋਏ ਡੰਡਿਆਂ ਨਾਲ ਕੁੱਟਮਾਰ ਕੀਤੀ। ਇਹ ਵਾਕਿਆ ਲੁਧਿਆਣਾ ਦਾ ਹੈ। ਰੇਲਵੇ ਸਟੇਸ਼ਨ ਦੇ ਮੁੱਖ ਗੇਟ ਨੇੜੇ ਇਕ ਪੁਲਸ ਮੁਲਾਜ਼ਮ ਵੱਲੋਂ ਚਾਹ ਵਾਲੇ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਚਾਹ ਵਾਲੇ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਚਾਹ ਦੇ ਪੈਸੇ ਮੰਗੇ ਸਨ, ਬੱਸ ਫਿਰ ਕੀ ਸੀ ਜਨਾਬ ਨੇ ਵਰਦੀ ਦਾ ਰੋਹਬ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਚਾਹ ਵੇਚਣ ਵਾਲੇ 'ਤੇ ਤਾੜਬਤੋੜ ਡੰਡਿਆਂ ਨਾਲ ਬਰਸਾਤ ਕਰ ਦਿੱਤੀ।

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਮਾਮਲਾ ਮੀਡੀਆ 'ਚ ਆਉਣ 'ਤੇ ਉਚ ਅਧਿਕਾਰੀਆਂ ਨੇ ਸਹਾਇਕ ਸਬ ਇੰਸਪੈਕਟਰ 'ਤੇ ਬਣਦੀ ਕਾਰਵਾਈ ਦੀ ਗੱਲ ਆਖੀ ਹੈ। ਕਿਸੇ ਗਰੀਬ ਨਾਲ ਪੁਲਸ ਮੁਲਾਜ਼ਮ ਵੱਲੋਂ ਧੱਕਾ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਸਮੇਂ ਮੁਤਾਬਕ, ਹੁਣ ਸਰਕਾਰ ਨੂੰ ਇਸ 'ਤੇ ਨਕੇਲ ਲਾਉਣ ਦੀ ਜ਼ਰੂਰਤ ਹੈ।


Related News