ਹੌਲਦਾਰ ਨੂੰ ਕਤਲ ਕਰਨ ਵਾਲੇ ਨਸ਼ਾ ਤਸਕਰ ਗ੍ਰਿਫਤਾਰ
Saturday, Oct 05, 2019 - 06:41 PM (IST)

ਜੰਡਿਆਲਾ ਗੁਰੂ : ਐੱਸ. ਟੀ. ਐੱਫ. ਜਲੰਧਰ ਦਾ ਹੌਲਦਾਰ ਗੁਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕੇ ਗੁਰਦੀਪ ਸਿੰਘ ਦੇ ਕਾਤਲ ਵਰਿੰਦਰ ਸਿੰਘ ਅਤੇ ਰਾਜਦੀਪ ਸਿੰਘ ਨੂੰ ਜੌਨਪੁਰ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਤੋਂ ਰੇਲਵੇ ਪੁਲਸ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜੌਨਪੁਰ ਤੋਂ ਗੁਹਾਟੀ ਭੱਜਣ ਦੀ ਤਾਕ ਵਿਚ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਡੀ. ਐੱਸ. ਪੀ. ਨੇ ਦੱਸਿਆ ਕਿ ਉਹ ਖੁਦ ਅਤੇ ਐੱਸ. ਐੱਚ. ਓ. ਜੰਡਿਆਲਾ ਗੁਰੂ ਅਮੋਲਕ ਸਿੰਘ ਕਾਹਲੋਂ ਆਪਣੀ ਪੁਲਸ ਪਾਰਟੀ ਨਾਲ ਮੁਲਜ਼ਮਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਰਵਾਨਾ ਹੋ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਉੱਥੋਂ ਲਿਆ ਕੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਜੰਡਿਆਲਾ ਗੁਰੂ ਪੁਲਸ ਨੇ ਪਿੰਡ ਭਲਾ 'ਚ ਛਾਪਾ ਮਾਰ ਕੇ ਵਾਰਦਾਤ ਵਿੱਚ ਵਰਤਿਆ ਪਿਸਤੌਲ ਤੇ ਕਾਰ ਹਰਮਨਦੀਪ ਸਿੰਘ ਦੇ ਘਰੋਂ ਬਰਾਮਦ ਕਰ ਲਈ ਹੈ। ਡੀ. ਐੱਸ. ਪੀ. ਨੇ ਕਿਹਾ ਹੁਣ ਸਿਰਫ਼ ਮੁਲਜ਼ਮ ਆਕਾਸ਼ਦੀਪ ਸਿੰਘ ਕਾਬੂ ਕਰਨਾ ਰਹਿ ਗਿਆ ਹੈ।