ਭਰਾਤਰੀ ਜਥੇਬੰਦੀਆਂ ਦੇ ਆਗੂਆਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ, 20 ਫੱਟੜ,1 ਜ਼ਖਮੀ
Friday, Aug 11, 2017 - 06:17 PM (IST)

ਮਾਨਸਾ(ਮਨਜੀਤ ਕੌਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿੰਡ ਸਾਹਨੇਵਾਲੀ ਫੇਰੀ ਦੌਰਾਨ ਚੋਣਾਂ ਵੇਲੇ ਕੀਤੇ ਵਾਅਦਿਆ ਨੂੰ ਯਾਦ ਕਰਵਾਉਣ ਸਬੰਧੀ ਮੰਗ ਪੱਤਰ ਦੇਣ ਗਏ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਪੁਲਸ ਨੇ ਲਾਠੀਚਾਰਜ ਕਰ ਦਿੱਤਾ। ਜਿਸ ਦੇ ਸਿੱਟੇ ਵਜੋਂ ਇਕ ਬਜ਼ੁਰਗ ਕਿਸਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ 20 ਦੇ ਕਰੀਬ ਫੱਟੜ ਹੋ ਗਏ। ਇਸ ਮੌਕੇ ਗੰਭੀਰ ਰੂਪ 'ਚ ਜ਼ਖਮੀ ਬਜ਼ੁਰਗ ਕਿਸਾਨ ਨੂੰ ਝੁਨੀਰ ਵਿਖੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਉਣਾ ਪਿਆ। ਪਾਰਟੀ ਦੇ ਸੀਨੀਅਰ ਆਗੂ ਕਾ. ਰਾਜਵਿੰਦਰ ਸਿੰਘ ਰਾਣਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀਆਂ 'ਚ ਪਾਰਟੀ ਦੇ ਜ਼ਿਲਾ ਸਕੱਤਰ ਕਾ. ਗੁਰਜੰਟ ਸਿੰਘ ਮਾਨਸਾ, ਇਨਕਲਾਬੀ ਨੋਜਵਾਨ ਸਭਾ ਦੇ ਬਿੰਦਰ ਅੋਲਖ, ਸੁਰਜੀਤ ਸਿੰਘ ਕੋਟ ਧਰਮੂ, ਕਾ. ਗੁਰਮੀਤ ਸਿੰਘ ਨੰਦਗੜ੍ਹ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਦੇਸ਼ ਦੇ ਹਰ ਨਾਗਰਿਕ ਨੂੰ ਅਵਾਜ਼ ਉਠਾਉਣ ਦਾ ਅਧਿਕਾਰ ਹੈ। ਇਸ ਲਈ ਲਾਠੀਚਾਰਜ ਕਰਕੇ ਉਨ੍ਹਾਂ ਦੀ ਅਵਾਜ ਨੂੰ ਦਬਾਇਆ ਨਹੀ ਜਾ ਸਕਦਾ।