ਐੱਸ. ਟੀ. ਐੱਫ. ਦੀ ਗ੍ਰਿਫਤ ''ਚ ਆਉਂਦੇ ਹੀ ਇੰਸ. ਇੰਦਰਜੀਤ ਦੇ ਜ਼ੁਲਮਾਂ ਦੇ ਸਤਾਏ ਲੋਕ ਸਾਹਮਣੇ ਆਉਣੇ ਸ਼ੁਰੂ

Tuesday, Jun 13, 2017 - 04:28 PM (IST)

ਐੱਸ. ਟੀ. ਐੱਫ. ਦੀ ਗ੍ਰਿਫਤ ''ਚ ਆਉਂਦੇ ਹੀ ਇੰਸ. ਇੰਦਰਜੀਤ ਦੇ ਜ਼ੁਲਮਾਂ ਦੇ ਸਤਾਏ ਲੋਕ ਸਾਹਮਣੇ ਆਉਣੇ ਸ਼ੁਰੂ

ਫਿਲੌਰ (ਭਾਖੜੀ)-ਐੱਸ. ਟੀ. ਐੱਫ. ਦੀ ਗ੍ਰਿਫਤ ਵਿਚ ਆਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਜਿਸ ਕੋਲੋਂ ਪੁਲਸ ਨੂੰ ਵੱਡੀ ਮਾਤਰਾ ਵਿਚ ਨਸ਼ੀਲਾ ਪਾਊੁਡਰ, ਨਾਜਾਇਜ਼ ਤੌਰ 'ਤੇ ਰੱਖੇ ਹਥਿਆਰ ਅਤੇ ਵਿਦੇਸ਼ੀ ਤੇ ਭਾਰਤੀ ਕਰੰਸੀ ਮਿਲੀ ਹੈ, ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਦਾ ਪਤਾ ਲਗਦੇ ਹੀ ਉਸ ਦੇ ਜ਼ੁਲਮਾਂ ਦੇ ਸ਼ਿਕਾਰ ਲੋਕ ਸਾਹਮਣੇ ਆਉਣ ਲੱਗ ਪਏ ਹਨ। 

ਇਕ ਪਰਿਵਾਰ ਨੇ ਇੰਦਰਜੀਤ ਵੱਲੋਂ ਉਨ੍ਹਾਂ ਉੱਪਰ ਕੀਤੇ ਜ਼ੁਲਮਾਂ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਇੰਦਰਜੀਤ ਨੇ ਉਨ੍ਹਾਂ ਦੇ ਇਕਲੌਤੇ ਪੁੱਤਰ ਨੂੰ ਫ਼ੜ ਕੇ ਜੇਲ ਭੇਜਿਆ ਅਤੇ ਉਹ ਉਨ੍ਹਾਂ ਕੋਲੋਂ ਅੱਜ ਤੱਕ 50 ਲੱਖ ਤੋਂ ਵੀ ਵੱਧ ਰੁਪਏ ਡਰਾ-ਧਮਕਾ ਕੇ ਲੈ ਚੁੱਕਾ ਹੈ ਅਤੇ ਉਹ ਪਿਛਲੇ 3 ਸਾਲ ਤੋਂ ਇੰਦਰਜੀਤ ਦੇ ਖੌਫ ਤੋਂ ਡਰ ਕੇ ਆਪਣੇ ਹੀ ਘਰ ਵਿਚ ਕੈਦੀਆਂ ਵਰਗੀ ਜ਼ਿੰੰਦਗੀ ਬਤੀਤ ਕਰ ਰਹੇ ਹਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਫਿਲੌਰ ਨਿਵਾਸੀ ਚਰਨਜੀਤ ਸਿੰਘ ਤੇ ਉਸ ਦੀ ਪਤਨੀ ਰਾਜਵੰਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਹਰਪ੍ਰੀਤ ਸਿੰਘ ਚਿੰਟੂ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਸਾਲ 2013 ਵਿਚ ਉਸ ਦੀ ਕਿਸੇ ਕੰਮ ਵਿਚ ਲਗਭਗ 1 ਕਰੋੜ ਰੁਪਏ ਦੇ ਕਰੀਬ ਦੀ ਲਾਟਰੀ ਲੱਗ ਗਈ, ਜਿਸ ਦੇ ਬਾਅਦ ਉਨ੍ਹਾਂ ਦਾ ਬੇਟਾ ਹਰ ਕਿਸੇ ਦੀਆਂ ਅੱਖਾਂ ਵਿਚ ਆ ਗਿਆ। 1 ਅਗਸਤ 2014 ਨੂੰ ਜਦੋਂ ਉਨ੍ਹਾਂ ਦਾ ਬੇਟਾ ਚਿੰਟੂ ਸਵੇਰੇ 11 ਵਜੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਉਸੇ ਸਮੇਂ ਤਰਨਤਾਰਨ ਸੀ. ਆਈ. ਏ. ਸਟਾਫ ਵਿਚ ਤਾਇਨਾਤ ਇੰਸ. ਇੰਦਰਜੀਤ ਸਿੰਘ 8-10 ਪੁਲਸ ਮੁਲਾਜ਼ਮਾਂ ਨਾਲ ਸਿਵਲ ਵਰਦੀ ਵਿਚ ਉਨ੍ਹਾਂ ਦੀ ਦੁਕਾਨ 'ਤੇ ਆ ਧਮਕਿਆ। ਉਸ ਸਮੇਂ ਉਨ੍ਹਾਂ ਦੇ ਬੇਟੇ ਕੋਲ ਉਸ ਦਾ ਦੋਸਤ ਗੁਰਮੇਲ ਸਿੰਘ ਕਾਕੂ ਵੀ ਬੈਠਾ ਸੀ। ਉਹ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਬੇਟੇ ਵੱਲੋਂ ਨਵੀਂ ਖਰੀਦੀ ਫਾਰਚੂਨਰ ਗੱਡੀ ਵਿਚ ਬਿਠਾ ਕੇ ਜ਼ਬਰਦਸਤੀ ਆਪਣੇ ਨਾਲ ਤਰਨਤਾਰਨ ਲੈ ਗਿਆ। ਪੂਰਾ ਦਿਨ ਆਪਣੇ ਬੇਟੇ ਦੀ ਭਾਲ ਕਰਨ 'ਤੇ ਬਾਅਦ ਉਨ੍ਹਾਂ ਨੂੰ ਸ਼ਾਮ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਨੂੰ ਫੜ ਕੇ ਇੰਸਪੈਕਟਰ ਇੰਦਰਜੀਤ ਸਿੰਘ ਆਪਣੇ ਨਾਲ ਤਰਨਤਾਰਨ ਲੈ ਗਿਆ ਹੈ।  ਉਥੇ ਜਾ ਕੇ ਜਦੋਂ ਉਨ੍ਹਾਂ ਨੇ ਗੱਲ ਕੀਤੀ ਤਾਂ ਇੰਸਪੈਕਟਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਬੇਟੇ ਅਤੇ ਉਸ ਦੇ ਦੋਸਤ ਤੋਂ ਕੁਝ ਪੁੱਛਗਿੱਛ ਕਰ ਰਿਹਾ ਹੈ, ਸਵੇਰੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ, ਉਹ ਆਪਣੇ ਘਰ ਵਾਪਸ ਚਲੇ ਜਾਣ। 3 ਅਗਸਤ ਨੂੰ ਉਨ੍ਹਾਂ ਨੂੰ ਇਕ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਨੂੰ ਛੱਡਿਆ ਜਾ ਰਿਹਾ ਹੈ, ਉਹ ਉਸ ਦੇ ਕੱਪੜੇ ਭੇਜ ਦੇਣ। ਜਿਸ 'ਤੇ ਉਨ੍ਹਾਂ ਨੇ ਆਪਣੀ ਰਿਸ਼ਤੇਦਾਰੀ ਵਿਚ ਪੈਂਦੇ ਦੋ ਲੜਕਿਆਂ ਨੂੰ ਆਪਣੀ ਘਰ ਵਿਚ ਖੜ੍ਹੀ ਦੂਸਰੀ ਲਗਜ਼ਰੀ ਗੱਡੀ ਵਿਚ ਸਵੇਰੇ ਤਰਨਤਾਰਨ ਭੇਜ ਦਿੱਤਾ। ਦੇਰ ਰਾਤ ਨੂੰ ਉਹ ਲੜਕੇ ਜਦੋਂ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਇੰਦਰਜੀਤ ਨੇ ਉਨ੍ਹਾਂ ਨੂੰ ਵੀ ਸੀ. ਆਈ. ਏ. ਸਟਾਫ ਵਿਚ ਬੰਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਦੇਰ ਰਾਤ 8 ਵਜੇ ਛੱਡਿਆ ਗਿਆ ਪਰ ਉਸ ਨੇ ਤੁਹਾਡੀ ਲਗਜ਼ਰੀ ਗੱਡੀ ਉਥੇ ਆਪਣੇ ਕੋਲ ਰੱਖ ਲਈ ਹੈ।  ਅਗਲੇ ਦਿਨ 4 ਅਗਸਤ ਇੰਦਰਜੀਤ ਨੇ ਇਕ ਪੱਤਰਕਾਰ ਸੰਮੇਲਨ ਕਰ ਕੇ ਵਿਭਾਗ ਵਿਚ ਆਪਣੀ ਫੋਕੀ ਸ਼ੋਹਰਤ ਬਣਾਉਣ ਲਈ ਉਨ੍ਹਾਂ ਦੇ ਬੇਟੇ ਨੂੰ ਦੇਸ਼ ਦਾ ਸਭ ਤੋਂ ਵੱਡਾ ਸਮੱਗਲਰ ਕਰਾਰ ਕਰਦੇ ਹੋਏ ਉਸ ਤੇ 4 ਕਿੱਲੋ ਅਤੇ ਉਸ ਦੇ ਦੋਸਤ 'ਤੇ 1 ਕਿਲੋ ਹੈਰੋਇਨ ਪਾ ਕੇ ਪਰਚਾ ਦਰਜ ਕਰ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਦੇ ਬੇਟੇ ਦੇ ਸਬੰਧ ਪਾਕਿਸਤਾਨ ਨਾਲ ਹਨ, ਜਿਸ ਦਾ ਉਹ ਜਲਦੀ ਖੁਲਾਸਾ ਕਰਨਗੇ। ਉਨ੍ਹਾਂ ਦਾ ਬੇਟਾ 3 ਸਾਲ ਤੋਂ ਜੇਲ ਵਿਚ ਸੜ ਰਿਹਾ ਹੈ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਜਦੋਂ ਉਸ ਦੀ ਬਜ਼ੁਰਗ ਮਾਤਾ ਰਾਜਵੰਸ਼ ਕੌਰ ਨੇ ਅਧਿਕਾਰੀਆਂ ਕੋਲ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਗੱਲ 'ਤੇ ਯਕੀਨ ਨਹੀਂ ਕੀਤਾ। ਉਸ ਦੇ ਬਾਅਦ ਜਦੋਂ ਉਹ ਇੰਦਰਜੀਤ ਕੋਲ ਆਪਣੀ ਲਗਜ਼ਰੀ ਗੱਡੀਆਂ ਲੈਣ ਗਏ ਤਾਂ ਉਸ ਨੇ ਉਨ੍ਹਾਂ ਦੀ ਇਕ ਗੱਡੀ ਫਾਰਚੂਨਰ ਛੱਡਣ ਦੀ ਇਵਜ਼ ਵਿਚ 15 ਲੱਖ ਰੁਪਏ ਠੱਗ ਲਏ ਜਦ ਕਿ ਦੂਸਰੇ ਗੱਡੀ ਉਸ ਨੇ ਮੁਕੱਦਮੇ ਵਿਚ ਪਾ ਦਿੱਤੀ।
ਜਦੋਂ ਚਿੰਟੂ ਦੀ ਮਾਂ ਨੇ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਇੰਦਰਜੀਤ ਖਿਲਾਫ ਹੋਰ ਸ਼ਿਕਾਇਤਾਂ ਦਿੱਤੀਆਂ ਤਾਂ ਇੰਦਰਜੀਤ ਨੇ ਉਨ੍ਹਾਂ 'ਤੇ ਹੋਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤੇ। ਹੈਰਾਨੀ ਦੀ ਗੱਲ ਹੈ ਕਿ ਜੇਲ ਵਿਚ ਬੰਦ ਉਨ੍ਹਾਂ ਦੇ ਬੇਟੇ 'ਤੇ ਪੁਲਸ ਨੇ ਦੋ ਮੁਕੱਦਮੇ ਫਿਰ ਪੁਲਸ ਥਾਣੇ ਵਿਚ ਇਕ ਜਲੰਧਰ ਅਤੇ ਇਕ ਅੰਮ੍ਰਿਤਸਰ ਥਾਣੇ ਵਿਚ ਦਰਜ ਕਰ ਦਿੱਤਾ ਅਤੇ ਇੰਦਰਜੀਤ ਦੇ ਇਸ਼ਾਰੇ 'ਤੇ ਪੁਲਸ ਘਰ ਵਿਚ ਖੜ੍ਹੀ ਤੀਸਰੀ ਲਗਜ਼ਰੀ ਗੱਡੀ ਵੀ ਚੁੱਕ ਕੇ ਲੈ ਗਈ। ਜਦੋਂ ਉਸ ਦੀ ਮਾਤਾ ਨੇ ਫਿਰ ਵੀ ਸ਼ਿਕਾਇਤਾਂ ਵਾਪਸ ਨਹੀਂ ਲਈਆਂ ਤਾਂ ਇੰਦਰਜੀਤ ਦੁਬਾਰਾ ਉਨ੍ਹਾਂ ਦੇ ਘਰ ਪੁਲਸ ਨਾਲ ਆਇਆ। ਉਸ ਦੀ ਬਜ਼ੁਰਗ ਮਾਤਾ ਨੂੰ ਫੜ ਕੇ ਆਪਣੇ ਨਾਲ ਲੈ ਗਿਆ, ਜਿਸ ਨੂੰ ਛੱਡਣ ਲਈ ਉਸ ਨੇ ਲੱਖਾਂ ਰੁਪਏ ਲਏ ਅਤੇ ਡਰਾਇਆ ਕਿ ਜੇਕਰ ਉਹ ਹੁਣ ਵੀ ਸ਼ਿਕਾਇਤਾਂ ਵਾਪਸ ਨਹੀਂ ਲਵੇਗੀ ਤਾਂ ਉਹ ਉਸ ਨੂੰ ਵੀ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਜੇਲ ਭੇਜ ਦੇਵੇਗਾ। 
ਉਨ੍ਹਾਂ ਨੇ ਦੱਸਿਆ ਕਿ ਇੰਦਰਜੀਤ ਅੱਜ ਤੱਕ ਉਨ੍ਹਾਂ ਨੂੰ ਡਰਾ-ਧਮਕਾ ਕੇ 50 ਲੱਖ ਰੁਪਏ ਲੈ ਚੁੱਕਾ ਹੈ। ਲੱਖਾਂ ਰੁਪਏ ਦੇਣ ਦੇ ਬਾਵਜੂਦ ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਦਾ ਪੂਰਾ ਪਰਿਵਾਰ ਇੰਦਰਜੀਤ ਦੇ ਡਰ ਕਾਰਨ ਘਰ ਵਿਚ ਕੈਦ ਹੋ ਕੇ ਬੈਠਾ ਹੈ। ਹੁਣ ਇੰਦਰਜੀਤ ਦੀ ਗ੍ਰਿਫਤਾਰੀ ਦੇ ਬਾਅਦ ਅਧਿਕਾਰੀਆਂ ਨੂੰ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਬੇਗੁਨਾਹ ਲੜਕਿਆਂ ਨੂੰ ਨਸ਼ਾ ਸਮੱਗਲਿੰਗ ਵਿਚ ਜੇਲ ਭੇਜਦਾ ਸੀ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਨਾ ਤਾਂ ਇਨਕਮ ਟੈਕਸ ਵਿਭਾਗ ਤੇ ਨਾ ਹੀ ਈ. ਡੀ. ਵਿਭਾਗ ਨੂੰ ਪਤਾ ਲੱਗਾ ਕਿ ਇੰਦਰਜੀਤ ਰੈਂਕ ਦੇ ਅਹੁਦੇ 'ਤੇ ਤਾਇਨਾਤ ਇਸ ਅਧਿਕਾਰੀ ਕੋਲ ਕਰੋੜਾਂ ਰੁਪਏ ਦਾ ਧਨ ਕਿਥੋਂ ਆਇਆ, ਜਦ ਕਿ ਉਸ ਕੋਲ ਲਗਜ਼ਰੀ ਗੱਡੀਆਂ ਤੋਂ ਇਲਾਵਾ ਬੇਸ਼ੁਮਾਰ ਜਾਇਦਾਦ ਵੀ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੇ ਕੇਸ ਦੀ ਪੁਲਸ ਜਾਂਚ ਕਰ ਕੇ ਉਸ 'ਤੇ ਝੂਠੇ ਕੇਸ ਨੂੰ ਰੱਦ ਕਰ ਕੇ ਉਸ ਨੂੰ ਬਾਹਰ ਕੱਢਵਾਇਆ ਜਾਵੇ।
 


Related News