ਪੁਲਸ ਨੇ ਨਸ਼ੇ ਦੇ ਵਪਾਰੀਆਂ ਨੂੰ ਦਿੱਤੀ ਸਖਤ ਚਿਤਾਵਨੀ

06/16/2019 6:08:22 PM

ਜਲਾਲਾਬਾਦ(ਸੇਤੀਆ,ਨਿਖੰਜ)— ਜ਼ਿਲਾ ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਡੀ.ਐੱਸ.ਪੀ. ਜਲਾਲਾਬਾਦ ਵਲੋਂ ਹਰਕ੍ਰਿਸ਼ਨ ਗਾਰਡਨ 'ਚ ਨਸ਼ੇ ਦੀ ਪੂਰਨ ਤੌਰ 'ਤੇ ਰੋਕਥਾਮ ਕਰਨ ਲਈ ਨਾਮਜ਼ਦ ਲੋਕਾਂ ਨੂੰ ਬੁਲਾਇਆ ਗਿਆ। ਇਸ ਮੀਟਿੰਗ 'ਚ ਐੱਸ.ਐੱਚ.ਓ. ਸਿਟੀ ਭੋਲਾ ਸਿੰਘ, ਸਦਰ ਪਰਮਿਲਾ ਰਾਣੀ, ਵੈਰੋਕਾ ਲੇਖ ਰਾਜ ਬੱਟੀ, ਡੀ.ਐੱਸ.ਪੀ. ਰੀਡਰ ਹੁਸ਼ਿਆਰ ਚੰਦ, ਏ.ਐੱਸ.ਆਈ. ਹੁਸ਼ਿਆਰ ਚੰਦ, ਚੰਦਰ ਸ਼ੇਖਰ ਤੇ ਜਗਦੀਸ਼ ਲਾਲ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ। 

ਇਸ ਮੀਟਿੰਗ 'ਚ ਖਾਸਕਰ ਉਨ੍ਹਾਂ ਲੋਕਾਂ ਨੂੰ ਬੁਲਾਇਆ ਗਿਆ ਜਿਨ੍ਹਾਂ 'ਤੇ ਪਹਿਲਾਂ ਨਸ਼ੀਲੀਆਂ ਗੋਲੀਆਂ ਜਾਂ ਹੋਰ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਸਨ ਤੇ ਇਸ ਮੀਟਿੰਗ 'ਚ ਕੁਝ ਸ਼ੱਕੀ ਲੋਕਾਂ ਨੂੰ ਵੀ ਬੁਲਾਇਆ ਗਿਆ ਸੀ। ਮੀਟਿੰਗ ਦੌਰਾਨ ਡੀ.ਐੱਸ.ਪੀ. ਅਮਰਜੀਤ ਸਿੰਘ ਸਿੱਧੂ ਨੇ ਹਿਦਾਇਤ ਕੀਤੀ ਕਿ ਪੰਜਾਬ ਸਰਕਾਰ ਤੇ ਪੁਲਸ ਵਿਭਾਗ ਵਲੋਂ ਨਸ਼ੇ ਨੂੰ ਜੜੇ ਤੋਂ ਖਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਜ਼ਿਲਾ ਸੀਨੀਅਰ ਪੁਲਸ ਅਧਿਕਾਰੀ ਦੀਪਕ ਹਿਲੋਰੀ ਦੇ ਦਿਸ਼ਾ ਨਿਰੇਦਸ਼ਾਂ ਹੇਠ ਮੀਟਿੰਗ ਨੂੰ ਬੁਲਾਉਣ ਦਾ ਮਕਸਦ ਚਿਤਾਵਨੀ ਦੇਣਾ ਹੈ ਕਿ ਜੋ ਲੋਕ ਨਸ਼ਾ ਕਰਨ ਜਾਂ ਵੇਚਣ ਦੇ ਧੰਦੇ 'ਚ ਲੱਗੇ ਹੋਏ ਹਨ ਉਹ ਇਸ ਕੰਮ ਤੋਂ ਪੂਰੀ ਤਰ੍ਹਾਂ ਬਾਜ਼ ਆ ਜਾਣ ਨਹੀਂ ਤਾਂ ਪੁਲਸ ਪ੍ਰਸ਼ਾਸਨ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੇਗੀ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਸ ਪ੍ਰਸ਼ਾਸਨ ਨੂੰ ਨਸ਼ੇ ਦੇ ਖਿਲਾਫ ਉਲੀਕੇ ਗਏ ਮਿਸ਼ਨ ਨੂੰ ਸਫਲ ਬਨਾਉਣ ਲਈ ਸਹਿਯੋਗ ਕਰਨ ਤਾਂ ਜੋ ਨਸ਼ਾ ਕਰਨ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਹੀ ਰਸਤੇ ਵੱਲ ਲਿਆਂਦਾ ਸਕੇ। ਉਨ੍ਹਾਂ ਨੇ ਖਾਸ ਕਰ ਮੈਡੀਕਲ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਮੈਡੀਕਲ ਦੀ ਦੁਕਾਨ ਦੀ ਆੜ 'ਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਨਸ਼ੇ ਦੇ ਖਿਲਾਫ ਸ਼ਹਿਰ ਅਤੇ ਵੱਖ-ਵੱਖ ਪਿੰਡਾਂ 'ਚ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਸੈਮੀਨਾਰ ਵੀ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।


Baljit Singh

Content Editor

Related News