ਨਸ਼ੇ ਖਿਲਾਫ ਪੰਜਾਬ ਪੁਲਸ ਦੀ ਕਾਰਵਾਈ ਜਾਰੀ, ਹੁਣ ਇਸ ਇਲਾਕੇ ''ਚ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫ੍ਰੀਜ਼
Wednesday, Mar 05, 2025 - 10:52 PM (IST)

ਦੋਰਾਹਾ (ਵਿਨਾਇਕ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਜੰਗੀ ਪੱਧਰ 'ਤੇ ਕਾਰਵਾਈ ਜਾਰੀ ਹੈ। ਇਸ ਸੰਬੰਧੀ ਅੱਜ ਦੋਰਾਹਾ ਵਿੱਚ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਦੇ ਤੌਰ 'ਤੇ ਮੁਲਜ਼ਮਾਂ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਕਾਮੀ ਵਾਸੀ ਵਾਰਡ ਨੰ: 2, ਬਾਲਮੀਕੀ ਮੁਹੱਲਾ, ਦੋਰਾਹਾ, ਰਿੰਕਲ ਵਾਸੀ ਬਾਲਮੀਕੀ ਮੁਹੱਲਾ, ਦੋਰਾਹਾ, ਅਤੇ ਰਹਿਮਾਨ ਖਾਨ ਵਾਸੀ ਲੱਕੜ ਮੰਡੀ, ਦੋਰਾਹਾ ਵਜੋਂ ਕੀਤੀ ਗਈ ਹੈ। ਦੋਰਾਹਾ ਪੁਲਸ ਨੇ ਇਹ ਕਾਰਵਾਈ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਅਤੇ ਲੁਧਿਆਣਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਸ ਨਿਲੰਬਰੀ ਵਿਜੇ ਜਗਦਲੇ ਅਤੇ ਡਾ. ਜਯੋਤੀ ਯਾਦਵ ਬੈਂਸ ਆਈ.ਪੀ.ਐਸ. ਐਸਐਸਪੀ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ।
ਪਾਇਲ ਦੇ ਡੀਐਸਪੀ ਸ੍ਰੀ ਦੀਪਕ ਰਾਏ ਨੇ ਦੱਸਿਆ ਕਿ ਦੋਰਾਹਾ ਥਾਣਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਅਤੇ ਪੁਲਸ ਫੋਰਸ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਅਧੀਨ ਇਹ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਦੌਰਾਨ ਧਾਰਾ 68-ਐਫ, ਐਨ.ਡੀ.ਪੀ.ਐਸ ਐਕਟ ਤਹਿਤ ਤਿੰਨੋਂ ਮੁਲਜ਼ਮਾਂ ਦੀਆਂ ਜਾਇਦਾਦਾਂ ਫ੍ਰੀਜ਼ ਕਰਨ ਦੇ ਪੋਸਟਰ ਚਿਪਕਾਏ ਗਏ। ਡੀਐਸਪੀ ਸ੍ਰੀ ਦੀਪਕ ਰਾਏ ਨੇ ਐਲਾਨ ਕੀਤਾ ਕਿ ਲਖਵਿੰਦਰ ਸਿੰਘ ਉਰਫ ਕਾਮੀ ਉਪਰ ਵੱਖ-ਵੱਖ ਥਾਣਿਆਂ ਵਿੱਚ 6 ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਜਦਕਿ ਰਿੰਕਲ ਉਪਰ 3 ਅਤੇ ਰਹਿਮਾਨ ਖਾਨ ਉਪਰ 2 ਮਾਮਲੇ ਦਰਜ ਹਨ। ਇਨ੍ਹਾਂ ਮੁਲਜ਼ਮਾਂ ਦੇ ਰਿਹਾਇਸ਼ੀ ਮਕਾਨ ਅਤੇ ਹੋਰ ਚੱਲ ਅਚੱਲ ਜਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਹੀ ਹੈ ਅਤੇ ਇਸ ਮੁਹਿੰਮ ਨੂੰ ਹੇਠਲੇ ਪੱਤਰ ‘ਤੇ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸਨ ਪਿੰਡਾਂ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8