ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼
Friday, Dec 17, 2021 - 06:29 PM (IST)
ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ ਵਿਖੇ 10 ਦਸੰਬਰ ਨੂੰ ਅਗਵਾ ਕੀਤਾ ਗਿਆ 9 ਸਾਲਾ ਬੱਚਾ ਬਰਾਮਦ ਕਰ ਲਿਆ ਗਿਆ ਹੈ। 9 ਸਾਲਾ ਬੱਚਾ ਬਲਨੂਰ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਬਹਿਬੋਵਾਲ ਛੰਨੀਆਂ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੀ ਮਾਤਾ ਹਰਮੀਤ ਕੌਰ ਅਤੇ ਰਣਵੀਰ ਸਿੰਘ ਵੱਲੋਂ ਕਾਰ ਸਵਾਰ 5 ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਬਲਨੂਰ ਨੂੰ ਅਗਵਾ ਕਰ ਲਿਆ ਸੀ। ਦਸੂਹਾ ਪੁਲਸ ਨੇ ਬੀਤੇ ਦਿਨ ਬੱਚੇ ਦੀ ਮਾਤਾ ਨੂੰ ਪਠਾਨਕੋਟ ਨਜ਼ਦੀਕ ਪਿੰਡ ਸੱਲੋਵਾਲ ਵਿਖੇ ਇਕ ਕੋਠੀ ਵਿਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਵਾ ਕੀਤੇ ਬੱਚੇ ਬਲਨੂਰ ਨੂੰ ਵੀ ਇਸੇ ਹੀ ਕੋਠੀ ਵਿਚੋਂ ਬਰਾਮਦ ਕਰ ਲਿਆ ਗਿਆ।
ਡੀ. ਐੱਸ. ਪੀ. ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਆਪਣੇ ਦਫ਼ਤਰ ਦਸੂਹਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਕੁਲਵੰਤ ਸਿੰਘ ਹੀਰ ਅਤੇ ਐੱਸ. ਪੀ. ਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਅਤੇ ਥਾਣਾ ਮੁਖੀ ਦਸੂਹਾ ਗੁਰਪ੍ਰੀਤ ਸਿੰਘ ਅਤੇ 7 ਹੋਰ ਪੁਲਸ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਵਿਖੇ ਵੱਖ-ਵੱਖ ਜਗ੍ਹਾ ’ਤੇ ਛਾਪੇਮਾਰੀ ਕੀਤੀ। ਜਦੋਂ ਕਿ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਨੇ ਵੀ ਕਾਫ਼ੀ ਮਿਹਨਤ ਕੀਤੀ ਅਤੇ ਬੱਚੇ ਦੀ ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ: 20 ਦਸੰਬਰ ਤੋਂ ਕਿਸਾਨ ਛੇੜਨਗੇ ਰੇਲ ਰੋਕੋ ਮੁਹਿੰਮ, ਪੰਜਾਬ ’ਚ ਉਦਯੋਗਾਂ ਨੂੰ ਚੁੱਕਣਾ ਪੈ ਸਕਦੈ ਨੁਕਸਾਨ
ਉਨ੍ਹਾਂ ਕਿਹਾ ਕਿ ਬੱਚੇ ਦੇ ਮਾਂ-ਬਾਪ ਦਾ ਆਪਸ ਵਿਚ ਝਗੜਾ ਚੱਲ ਰਿਹਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਦੋਹਾਂ ਦਾ ਤਲਾਕ ਦਾ ਕੇਸ ਵੀ ਚੱਲਦਾ ਪਿਆ ਹੈ ਅਤੇ ਹਰਮੀਤ ਬੱਚੇ ਦੀ ਕਸਟਡੀ ਲੈਣਾ ਚਾਹੁੰਦੀ ਹੈ। ਬੱਚੇ ਬਲਨੂਰ ਨੂੰ ਦਸੂਹਾ ਦੀ ਅਦਾਲਤ ਵਿਚ ਧਾਰਾ 164 ਅਧੀਨ ਬਿਆਨ ਲੈਣ ਲਈ ਮਾਣਯੋਗ ਜੱਜ ਸਾਹਿਬਾਨ ਕੋਲ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬੱਚੇ ਨੂੰ ਉਸ ਦੇ ਪਿਤਾ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਬਾਅਦ ਬੱਚੇ ਬਲਨੂਰ ਨੂੰ ਡੀ. ਐੱਸ. ਪੀ. ਦਸੂਹਾ ਵੱਲੋਂ ਉਸ ਦੇ ਪਿਤਾ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ।
ਜਦੋਂ ਬੱਚੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰ ਸਵਾਰ ਅਗਵਾਕਾਰਾਂ ਨੇ ਮੁਕੇਰੀਆਂ ਜਾ ਕੇ ਕਾਰ ਬਦਲੀ ਅਤੇ ਉਸ ਨੂੰ ਇਕ ਹੋਟਲ ਵਿਚ ਲਿਜਾਇਆ ਗਿਆ ਅਤੇ ਉਸ ਨੂੰ ਮਾਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਵਿਚ ਉਸ ਨੂੰ ਡਰਾ ਧਮਕਾ ਕੇ ਅਖਵਾਇਆ ਗਿਆ ਸੀ। ਡੀ. ਐੱਸ. ਪੀ. ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਹੋਰ ਦੱਸਿਆ ਕਿ ਫੜੀ ਗਈ ਹਰਮੀਤ ਕੌਰ ਨੂੰ 17 ਦਸੰਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਜਦਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ: 12 ਹਜ਼ਾਰ ਨਵੇਂ ਅਧਿਆਪਕ ਭਰਤੀ ਕਰਨ ਦੀ ਤਿਆਰੀ ’ਚ ਸਿੱਖਿਆ ਮੰਤਰੀ ਪਰਗਟ ਸਿੰਘ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ