ਮਾਲਵਾ ''ਚ ਚੱਪੇ-ਚੱਪੇ ''ਤੇ ਤਾਇਨਾਤ ਹੋਈ ਪੁਲਸ

Sunday, Jun 23, 2019 - 10:02 PM (IST)

ਮਾਲਵਾ ''ਚ ਚੱਪੇ-ਚੱਪੇ ''ਤੇ ਤਾਇਨਾਤ ਹੋਈ ਪੁਲਸ

ਮਾਨਸਾ(ਸੰਦੀਪ ਮਿੱਤਲ)— ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਆਗੂ ਤੇ ਬਰਗਾੜੀ ਕਾਂਡ 'ਚ ਬੇਅਦਬੀ ਮਾਮਲੇ 'ਚ ਸਾਜ਼ਿਸ਼ਕਾਰੀਆਂ 'ਚੋਂ ਇਕ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ 'ਚ ਕੈਦੀਆਂ ਵੱਲੋਂ ਹੱਤਿਆ ਕਰਨ 'ਤੇ ਪੰਜਾਬ ਸਰਕਾਰ ਵੱਲੋਂ ਮਾਲਵਾ ਇਲਾਕੇ 'ਚ ਰੈੱਡ ਅਲਰਟ ਜਾਰੀ ਕਰਨ 'ਤੇ ਪੁਲਸ ਨੇ ਮਾਨਸਾ ਜ਼ਿਲੇ 'ਚ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਕੀਤੀ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ 'ਚ ਡੇਰਾ ਸਮਰਥਕਾਂ ਦੀ ਗਿਣਤੀ ਕਾਫ਼ੀ ਹੋਣ ਕਾਰਨ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੁਲਸ ਵੱਲੋਂ ਜ਼ਿਲੇ 'ਚ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਜਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਉਥੇ ਹੀ ਸਥਾਨਕ ਸ਼ਹਿਰ 'ਚ ਸਥਿਤ ਡੇਰਾ ਸੱਚਾ ਸੌਦਾ ਦੀ ਸੁਰੱਖਿਆ ਵੀ ਵਧਾਉਣ ਦੀਆਂ ਸੂਚਨਾਵਾਂ ਮਿਲੀਆਂ ਹਨ। ਇਸ ਸਬੰਧੀ ਥਾਣਾ ਸਿਟੀ-1 ਮੁਖੀ ਰਜਿੰਦਰਪਾਲ ਸਿੰਘ, ਥਾਣਾ ਸਿਟੀ-2 ਮੁਖੀ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਲਾਏ ਨਾਕਿਆਂ 'ਤੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਮੁਸਤੈਦੀ ਨਾਲ ਨਿਭਾਉਣ ਦੇ ਹੁਕਮ ਜਾਰੀ ਕੀਤੇ ਗਏ।

ਡੇਰਾ ਪ੍ਰੇਮੀ ਬਿੱਟੂ ਦੀ ਹੱਤਿਆ ਦੇ ਮਾਮਲੇ 'ਚ ਜ਼ਿਲੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਪੁਲਸ ਨੇ ਅੱਜ ਡੀ. ਐੱਸ. ਪੀ. ਬਲਜਿੰਦਰ ਸਿੰਘ ਪਨੂੰ ਦੀ ਅਗਵਾਈ 'ਚ ਫਲੈਗ ਮਾਰਚ ਵੀ ਕੀਤਾ, ਜਿਸ 'ਚ ਥਾਣਾ ਸਿਟੀ-1 ਮੁਖੀ ਰਜਿੰਦਰਪਾਲ ਸਿੰਘ, ਥਾਣਾ ਸਿਟੀ-2 ਮੁਖੀ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਸ਼ਾਮਲ ਸਨ। ਇਹ ਫਲੈਗ ਮਾਰਚ ਪਿੰਡਾਂ ਅਤੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਸਮਾਪਤ ਹੋਇਆ। ਇਸ ਫਲੈਗ ਮਾਰਚ 'ਚ ਲੇਡੀ ਕਾਂਸਟੇਬਲ ਵੀ ਸ਼ਾਮਲ ਸਨ। ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੰਜਾਬ ਪੁਲਸ ਅਮਨ-ਅਮਾਨ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਚੌਕਸ ਹੈ। ਜ਼ਿਲੇ 'ਚ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸਖਤ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਦੀ ਚੈਕਿੰਗ ਜਾਰੀ ਹੈ ਤੇ ਸ਼ਹਿਰ ਅੰਦਰ ਆਉਣ-ਜਾਣ ਵਾਲੇ ਹਰ ਵ੍ਹੀਕਲ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਾਲ-ਨਾਲ ਅਣਪਛਾਤੇ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
PunjabKesari
ਡੀ.ਸੀ.,ਐੱਸ.ਐੱਸ.ਪੀ. ਨੇ ਕੀਤੀ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ
ਨਾਭਾ ਜੇਲ 'ਚ ਮਾਰੇ ਗਏ ਡੇਰਾ ਪ੍ਰੇਮੀ ਦੇ ਮਾਮਲੇ ਸਬੰਧੀ ਅੱਜ ਡਿਪਟੀ ਕਮਿਸ਼ਨਰ ਨੇ ਮਾਨਸਾ ਜ਼ਿਲੇ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨਾਲ ਬੱਚਤ ਭਵਨ ਵਿਖੇ ਇਕ ਮੀਟਿੰਗ ਕੀਤੀ। ਮੀਟਿੰਗ 'ਚ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਐੱਸ. ਡੀ. ਐੱਮ. ਮਾਨਸਾ ਅਭੀਜੀਤ ਕਪਲਿਸ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜਿਵੇਂ ਕਿ ਡੇਰਾ ਪ੍ਰੇਮੀ ਦੀ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਰਾਹੀਂ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਉਥੇ ਅਸ਼ਾਂਤੀ ਦਾ ਖਤਰਾ ਪੈਦਾ ਹੁੰਦਾ ਹੈ। ਉਨ੍ਹਾਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅਸ਼ਾਂਤੀ ਫੈਲਾਉਣ ਵਾਲੇ ਗਲਤ ਅਨਸਰਾਂ ਦੀਆਂ ਗੱਲਾਂ 'ਚ ਨਾ ਆ ਕੇ ਸਮੁੱਚੇ ਦੇਸ਼ ਪ੍ਰਤੀ ਆਪਣਾ ਫਰਜ਼ ਪਛਾਣਦਿਆਂ ਸ਼ਾਂਤੀ ਬਰਕਰਾਰ ਰੱਖੀ ਜਾਵੇ।
PunjabKesari
ਬੁਢਲਾਡਾ (ਮਨਜੀਤ)-ਨਾਭਾ ਜੇਲ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੋਈ ਹੱਤਿਆ ਦੇ ਮਾਮਲੇ 'ਚ ਪੰਜਾਬ ਭਰ 'ਚ ਜਾਰੀ ਰੈੱਡ ਅਲਰਟ 'ਤੇ ਕਾਰਨ ਫੁੱਟਬਾਲ ਚੌਕ ਬੁਢਲਾਡਾ ਵਿਖੇ ਡੀ. ਐੱਸ. ਪੀ. ਅੰਕੁਰ ਗੁਪਤਾ ਆਈ. ਪੀ. ਐੱਸ. ਵੱਲੋਂ ਖੁਦ ਵ੍ਹੀਕਲਾਂ ਦੀ ਮੁਸ਼ਤੈਦੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਰੋਜ਼ਾਨਾ ਦੀ ਆਮ ਚੈਕਿੰਗ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਅਮਨ-ਸ਼ਾਂਤੀ ਪਸੰਦ ਹਨ ਪਰ ਫਿਰ ਵੀ ਅਸੀਂ ਅਣਸੁਖਾਵੀਂ ਘਟਨਾ ਤੋਂ ਸੁਚੇਤ ਹੁੰਦਿਆਂ ਪੁਲਸ ਨੂੰ ਮੁਸਤੈਦ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਬਣਾ ਕੇ ਰੱਖਣ। ਇਸ ਮੌਕੇ ਸਬ-ਇੰਸਪੈਕਟਰ ਨਵਦੀਪ ਕੌਰ, ਹੌਲਦਾਰ ਸੰਸਾਰ ਸਿੰਘ, ਹੌਲਦਾਰ ਇੰਦਰਾਵਤੀ, ਕਾਂਸਟੇਬਲ ਭੁਪਿੰਦਰ ਸਿੰਘ, ਪ੍ਰਦੀਪ ਕੌਰ ਵੀ ਮੌਜੂਦ ਸਨ।


author

Baljit Singh

Content Editor

Related News