ਟਰੈਫਿਕ ਨਿਯਮ ਦੀ ਉਲੰਘਣਾ ਕਰਨ ''ਤੇ ਪੁਲਸ ਨੇ ਘਰ ਜਾ ਕੇ ਕੱਟਿਆ ਚਲਾਨ
Tuesday, Feb 11, 2020 - 07:49 PM (IST)
ਪਟਿਆਲਾ, (ਇੰਦਰ)— ਸੀ. ਐੱਮ. ਸਿਟੀ ਦੀ ਟਰੈਫਿਕ ਪੁਲਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਵਰਤਦਿਆਂ ਮੋਬਾਇਲ ਐਪ ਲਾਂਚ ਕੀਤਾ ਹੈ ਕਿ ਜੇਕਰ ਤੁਹਾਨੂੰ ਕੋਈ ਵਿਅਕਤੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਉਸ ਦੀ ਤਸਵੀਰ (ਜਿਸ ਵਿਚ ਵਾਹਨ ਦੀ ਨੰਬਰ ਪਲੇਟ ਨਜ਼ਰ ਆਉਂਦੀ ਹੋਵੇ) ਖਿੱਚ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹੋ। ਇਸ 'ਤੇ ਤੁਰੰਤ ਕਾਰਵਾਈ ਹੋਵੇਗੀ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਚਲਾਨ ਕੱਟਿਆ ਜਾਵੇਗਾ।
ਇਸ ਤਰ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਟਰੈਫਿਕ ਪੁਲਸ ਸਿਟੀ-2 ਦੇ ਇੰਚਾਰਜ ਸਬ-ਇੰਸਪੈਕਟਰ ਭਗਵਾਨ ਸਿੰਘ ਲਾਡੀ ਵੱਲੋਂ ਇਕ ਕਾਰ ਚਾਲਕ ਦਾ ਚਲਾਨ ਉਸ ਦੇ ਘਰ ਜਾ ਕੇ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਪ੍ਰੋਫੈਸਰ ਕਾਲੋਨੀ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਕਾਰ 'ਤੇ ਬਲੈਕ ਫਿਲਮ ਅਤੇ ਪੰਜਾਬ ਪੁਲਸ ਦੀ ਪਲੇਟ ਲਾਈ ਹੋਈ ਸੀ। ਕਾਰ ਚਾਲਕ ਖਿਲਾਫ਼ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਸ 'ਤੇ ਕਾਰਵਾਈ ਕੀਤੀ ਗਈ ਹੈ।
ਸਿਟੀ ਇੰਚਾਰਜ ਭਗਵਾਨ ਸਿੰਘ ਲਾਡੀ ਨੇ ਦੱਸਿਆ ਕਿ ਅੱਜ ਵੱਖ-ਵੱਖ ਨਾਕਿਆਂ ਦੌਰਾਨ ਕਾਲੀ ਫ਼ਿਲਮ, ਨੰਬਰ ਪਲੇਟਾਂ ਨਾਲ ਛੇੜਛਾੜ, ਨਾਜਾਇਜ਼ ਸਟਿੱਕਰਾਂ, ਪਲੇਟਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 43 ਚਾਲਕਾਂ ਦੇ ਚਲਾਨ ਕੱਟੇ ਗਏ।