ਨਾਈਟ ਕਰਫਿਊ ਦੌਰਾਨ ਪੁਲਸ ਹੋਈ ਸਖ਼ਤ, ਸਮੂਹ ਦੁਕਾਨਾਂ ਰਹੀਆਂ ਬੰਦ ਪਰ ਖੁੱਲ੍ਹੇ ਰਹੇ ਠੇਕੇ
Thursday, Mar 18, 2021 - 11:19 PM (IST)
ਰੂਪਨਗਰ (ਸੱਜਣ ਸਿੰਘ ਸੈਣੀ)- ਜ਼ਿਲ੍ਹਾ ਰੂਪਨਗਰ ਵਿੱਚ ਲਗਾਤਾਰ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਜ਼ਿਲ੍ਹੇ ਅੰਦਰ ਰਾਤੀਂ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।
ਨਾਈਟ ਕਰਫਿਊ ਦੇ ਪਹਿਲੇ ਦਿਨ ਰੂਪਨਗਰ ਪੁਲਸ ਵੱਲੋਂ ਕਰਫਿਊ ਦੇ ਹੁੱਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ। ਪੁਲਸ ਵੱਲੋਂ ਸ਼ਹਿਰ 'ਚ 9 ਵਜੇ ਦੁਕਾਨਾਂ ਨੂੰ ਪੂਰਨ ਤੌਰ 'ਤੇ ਬੰਦ ਕਰਵਾ ਦਿੱਤਾ ਗਿਆ ਪਰ ਸ਼ਰਾਬ ਦੇ ਠੇਕੇ ਪਹਿਲਾ ਵਾਂਗ ਹੀ ਖੁੱਲੇ ਦਿਖਾਈ ਦਿੱਤੇ। ਨਾਈਟ ਕਰਫਿਊ ਦੌਰਾਨ ਖੁਦ ਥਾਣਾ ਸਿਟੀ ਰੂਪਨਗਰ ਦੇ ਐੱਸ.ਐੱਚ.ਓ. ਪ੍ਰਸ਼ਾਸਨ ਦੇ ਹੁਕਮਾਂ ਨੂੰ ਲਾਗੂ ਕਰਵਾਉਂਦੇ ਦਿਖਾਈ ਦਿੱਤੇ ।
ਜੱਗ ਬਾਣੀ ਦੇ ਪੱਤਰਕਾਰ ਸੱਜਣ ਸੈਣੀ ਵੱਲੋਂ ਨਾਈਟ ਕਰਫਿਊ ਨੂੰ ਲੈ ਕੇ ਵਿਸ਼ੇਸ਼ ਕਵਰੇਜ ਕੀਤੀ ਗਈ । ਨਾਈਟ ਕਰਫ਼ਿਊ ਦੌਰਾਨ ਜਿੱਥੇ ਸਾਰਾ ਬਾਜ਼ਾਰ 9 ਵਜੇ ਬੰਦ ਹੋ ਗਿਆ ਉੱਥੇ ਹੀ ਸ਼ਰਾਬ ਦੇ ਠੇਕੇ ਲਗਾਤਾਰ ਖੁੱਲ੍ਹੇ ਦਿਖਾਈ ਦਿੱਤੇ। ਪੱਤਰਕਾਰ ਵੱਲੋਂ ਡਿਊਟੀ ਦੌਰਾਨ ਮੌਜੂਦ ਥਾਣਾ ਸਿਟੀ ਦੇ ਐੱਸ.ਐੱਚ.ਓ. ਰਾਜੀਵ ਚੌਧਰੀ ਨਾਲ ਗੱਲਬਾਤ ਕੀਤੀ ਗਈ ।
ਗੱਲਬਾਤ ਦੌਰਾਨ ਜਿੱਥੇ ਥਾਣਾ ਸਿਟੀ ਮੁੱਖੀ ਨੇ ਨਾਈਟ ਕਰਫਿਊ ਨੂੰ ਲੈ ਕੇ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ 'ਚ ਸੁਰੱਖਿਅਤ ਰਹੋ ।