ਲੋਕਾਂ ਦੀ ਪ੍ਰੇਸ਼ਾਨੀ ਸੁਣਨ ਵਾਲਾ ''ਪੁਲਸ ਕੰਟਰੋਲ ਰੂਮ'' ਖੁਦ ਪ੍ਰੇਸ਼ਾਨ

Wednesday, Dec 20, 2017 - 10:16 AM (IST)

ਲੋਕਾਂ ਦੀ ਪ੍ਰੇਸ਼ਾਨੀ ਸੁਣਨ ਵਾਲਾ ''ਪੁਲਸ ਕੰਟਰੋਲ ਰੂਮ'' ਖੁਦ ਪ੍ਰੇਸ਼ਾਨ


ਜਲੰਧਰ (ਪ੍ਰੀਤ) - ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਨ ਵਾਲਾ ਪੁਲਸ ਕੰਟਰੋਲ ਰੂਮ ਅਜੀਬ ਜਿਹੀ ਪ੍ਰੇਸ਼ਾਨੀ 'ਚ ਹੈ। ਅਜੀਬ ਪ੍ਰੇਸ਼ਾਨੀ ਹੈ 'ਬਲੈਂਕ ਕਾਲਸ'। ਬਲੈਂਕ ਕਾਲਸ ਵੀ ਸੌ-ਦੋ ਸੌ, ਹਜ਼ਾਰ-ਦੋ ਹਜ਼ਾਰ ਨਹੀਂ ਸਗੋਂ ਹਜ਼ਾਰਾਂ। ਮਿਸਾਲ ਦੇ ਤੌਰ 'ਤੇ ਸਾਲ 2017 'ਚ ਅਗਸਤ ਮਹੀਨੇ ਤਕ ਪੁਲਸ ਕੰਟਰੋਲ ਰੂਮ 'ਚ 13 ਲੱਖ 50 ਹਜ਼ਾਰ ਕਾਲਾਂ ਆਈਆਂ ਤੇ ਉਨ੍ਹਾਂ 'ਚੋਂ ਕਰੀਬ 12 ਲੱਖ 90 ਹਜ਼ਾਰ ਬਲੈਂਕ ਕਾਲਸ ਰਹੀਆਂ। ਬਲੈਂਕ ਕਾਲ ਦੀ ਸਮੱਸਿਆ ਹਲ ਕਰਨ ਲਈ ਫਿਲਹਾਲ ਪੁਲਸ ਕੋਲ ਕੋਈ 'ਡੰਡਾ' ਨਹੀਂ ਹੈ। ਅਜਿਹੀ ਸਥਿਤੀ 'ਚ ਪੁਲਸ 'ਬਲੈਂਕ ਕਾਲਸ' ਕਾਰਨ ਰੋਜ਼ਾਨਾ 'ਪੱਪੂ' ਬਣ ਰਹੀ ਹੈ। 'ਬਲੈਂਕ ਕਾਲ' ਦੀ ਪ੍ਰੇਸ਼ਾਨੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੁਲਸ ਕੰਟਰੋਲ ਰੂਮ ਨੇ 100 ਨੰਬਰ ਇਸ ਲਈ ਬਣਾਇਆ ਸੀ ਤਾਂ ਜੋ ਲੋਕਾਂ ਦੀ ਹੈਲਪ ਹੋ ਸਕੇ ਪਰ ਬਲੈਂਕ ਕਾਲ ਕਾਰਨ ਪੁਲਸ ਕੰਟਰੋਲ ਰੂਮ 'ਚ ਤਾਇਨਾਤ ਕਰਮਚਾਰੀ ਹੈਲਪਲੈੱਸ ਹਨ। ਪਿਛਲੇ ਸਮੇਂ 'ਚ 100 ਨੰਬਰ ਲਗਤਾਰ ਬਿਜ਼ੀ ਰਹਿਣ ਦੀਆਂ ਸ਼ਿਕਾਇਤਾਂ ਆਮ ਮਿਲ ਰਹੀਆਂ। ਜਗ ਬਾਣੀ ਵੱਲੋਂ ਜਦੋਂ ਇਸ ਸਮੱਸਿਆ ਦੀ ਪੜਤਾਲ ਕੀਤੀ ਤਾਂ ਬੜੇ ਹੈਰਾਨੀ ਵਾਲੇ ਅੰਕੜੇ ਸਾਹਮਣੇ ਆਏ। ਹਰ ਸਾਲ ਪੁਲਸ ਕੰਟਰੋਲ ਰੂਮ 'ਚ ਆਉਣ ਵਾਲੀਆਂ ਲੱਖਾਂ ਕਾਲਾਂ 'ਚੋਂ 80 ਫੀਸਦੀ ਤੋਂ ਜ਼ਿਆਦਾ ਬਲੈਂਕ ਕਾਲਾਂ ਹੁੰਦੀਆਂ ਹਨ ਤੇ ਇਨ੍ਹਾਂ ਬਲੈਂਕ ਕਾਲਾਂ ਨੇ ਪੁਲਸ ਦੀ ਸਿਰਦਰਦੀ ਵਧਾਈ ਹੋਈ ਹੈ।

'ਫੋਨ ਸੁਣਨਾ ਤਾਂ ਡਿਊਟੀ ਪਰ ਬਲੈਂਕ ਕਾਲ ਪ੍ਰੇਸ਼ਾਨੀ
ਪੁਲਸ ਕੰਟਰੋਲ ਰੂਮ 'ਚ ਦਿਨ 'ਚ ਹਜ਼ਾਰਾਂ ਫੋਨ ਸੁਣਨ ਵਾਲੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਟਰੋਲ ਰੂਮ 'ਚ ਆਉਣ ਵਾਲੀ ਹਰ ਕਾਲ ਨੂੰ ਸੁਣਨਾ ਉਨ੍ਹਾਂ ਦੀ ਡਿਊਟੀ ਹੈ ਪਰ ਕੰਮ ਦੀਆਂ ਕਾਲਾਂ ਸਿਰਫ 10 ਫੀਸਦੀ ਹੀ ਹੁੰਦੀਆਂ ਹਨ। ਬਾਕੀ ਕਾਲਾਂ ਫੇਕ, ਬਲੈਂਕ ਹੁੰਦੀਆਂ ਹਨ, ਜੋ ਪ੍ਰੇਸ਼ਾਨੀ ਦਾ ਕਾਰਨ ਹਨ। ਨਾਮ ਨਾਂ ਛਾਪਣ ਦੀ ਸ਼ਰਤ 'ਤੇ ਕਰਮਚਾਰੀਆਂ ਨੇ ਦੱਸਿਆ ਕਿ ਫੇਕ ਤੇ ਬਲੈਂਕ ਕਾਲ ਬੰਦ ਹੋ ਜਾਵੇ ਤਾਂ ਲਾਈਨਾਂ ਬਿਜ਼ੀ ਨਹੀਂ ਰਹਿਣਗੀਆਂ ਅਤੇ ਕੰਮ ਵੀ ਆਰਾਮ ਨਾਲ ਹੋਵੇਗਾ।

80 ਫੀਸਦੀ ਤੋਂ ਜ਼ਿਆਦਾ ਹੁੰਦੀਆਂ ਹਨ ਬਲੈਂਕ ਕਾਲਸ
ਸੂਤਰਾਂ ਨੇ ਦੱਸਿਆ ਕਿ ਦਿਨ 'ਚ ਪੁਲਸ ਕੰਟਰੋਲ ਰੂਮ 'ਚ ਆਉਣ ਵਾਲੀਆਂ ਕਾਲਾਂ ਨੂੰ ਅਧਿਕਾਰੀਆਂ ਵੱਲੋਂ ਕੈਟਾਗਰੀ ਵਾਈਸ ਤਿਆਰ ਕੀਤਾ। ਪਹਿਲੀ ਕੈਟਾਗਰੀ ਹੈ ਹੈਲਪ ਕਾਲ, ਦੂਜੀ ਇਨਕੁਆਰੀ ਕਾਲ ਤੇ ਤੀਜੀ ਬਲੈਂਕ ਕਾਲ। ਸ਼ਹਿਰ ਵਾਸੀ ਕਿਸੇ ਵੀ ਅਪਰਾਧ ਦੀ ਸੂਚਨਾ ਦਿੰਦੇ ਹਨ ਤਾਂ ਉਸ ਨੂੰ ਹੈਲਪ ਕਾਲ ਕੈਟੇਗਰੀ, ਜੇਕਰ ਲੋਕ ਕਿਸੇ ਅਧਿਕਾਰੀ, ਥਾਣੇ ਜਾਂ ਹੋਰ ਵਿਭਾਗਾਂ ਦੇ ਨੰਬਰ ਜਾਂ ਅਧਿਕਾਰੀਆਂ ਦੀ ਤਾਇਨਾਤੀ ਬਾਰੇ ਜਾਣਨ ਲਈ ਫੋਨ ਕਰਦੇ ਹਨ ਤਾਂ ਉਸ ਨੂੰ ਕੈਟੇਗਰੀ 'ਇਨਕੁਆਰੀ ਕਾਲ' 'ਚ ਰੱਖਿਆ ਗਿਆ ਹੈ। ਸਭ ਤੋਂ ਵੱਡੀ ਸਮੱਸਿਆ ਹੈ ਤੀਜੀ ਕੈਟੇਗਰੀ ਭਾਵ 'ਬਲੈਂਕ ਕਾਲ'। ਇਕ ਅਧਿਕਾਰੀ ਮੁਤਾਬਿਕ ਬਲੈਂਕ ਕਾਲ 'ਚ ਕਈ ਵਾਰ ਬੱਚੇ ਪੁਲਸ ਕੰਟਰੋਲ ਰੂਮ ਦਾ ਨੰਬਰ ਮਿਲਾ ਕੇ ਛੱਡ ਦਿੰਦੇ ਹਨ ਤੇ ਕਈ ਵਾਰ ਲੋਕ ਰਿੰਗ ਕਰਕੇ ਛੱਡ ਦਿੰਦੇ ਹਨ। ਕਈ ਵਾਰ ਲੋਕ ਝੂਠੀਆਂ ਸ਼ਿਕਾਇਤਾਂ ਦਿੰਦੇ ਹਨ। ਅਜਿਹੀਆਂ ਕਾਲਾਂ ਲਈ ਕੈਟੇਗਰੀ ਬਲੈਂਕ ਕਾਲ ਹੈ। ਅਧਿਕਾਰੀਆਂ ਮੁਤਾਬਿਕ ਕਾਲ ਕੋਈ ਵੀ ਹੋਵੇ, ਕਰਮਚਾਰੀਆਂ ਨੂੰ ਅਟੈਂਡ ਤਾਂ ਕਰਨੀ ਹੀ ਪੈਂਦੀ ਹੈ।


Related News