ਪੁਲਸ ਕਮਿਸ਼ਨਰ ਵੱਲੋਂ ਸੀਨੀਅਰ ਅਧਿਕਾਰੀਆਂ ਅਤੇ ਫੋਰਸ ਨਾਲ ਕੰਮ ਕਰਨ ਸਬੰਧੀ ਬਣਾਈ ਗਈ ਰਣਨੀਤੀ
Monday, Jan 02, 2023 - 03:45 PM (IST)
ਲੁਧਿਆਣਾ (ਹਿਤੇਸ਼) : ਕਮਿਸ਼ਨਰ ਪੁਲਸ ਲੁਧਿਆਣਾ ਮਨਦੀਪ ਸਿੰਘ ਸਿੱਧੂ, ਆਈ. ਪੀ. ਐੱਸ. ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੁਲਸ ਵਿਭਾਗ 'ਚ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਅਤੇ ਪੁਲਸ ਨੂੰ ਸਰੀਰਿਕ/ਮਾਨਸਿਕ ਤੌਰ 'ਤੇ ਨਿਪੁੰਨ ਰੱਖਣ ਲਈ, ਨਵੇਂ ਸਾਲ ਦੇ ਪਹਿਲੇ ਸੋਮਵਾਰ ਨੂੰ ਪੁਲਸ ਲਾਈਨ ਲੁਧਿਆਣਾ ਵਿਖੇ ਪੁਲਸ ਅਧਿਕਾਰੀਆਂ/ਮੁਲਾਜ਼ਮਾਂ ਦੀ ਜਨਰਲ ਪਰੇਡ ਕਰਵਾਈ ਗਈ। ਇਸ 'ਚ ਪੁਲਸ ਕਮਿਸ਼ਨਰੇਟ ਲੁਧਿਆਣਾ ਵਿਖੇ ਤਾਇਨਾਤ ਸਮੂਹ ਗਜਟਿਡ ਅਫ਼ਸਰ ਅਤੇ 651 ਪੁਲਸ ਮੁਲਾਜ਼ਮਾਂ ਨੇ ਹਿੱਸਾ ਲਿਆ। ਪਰੇਡ 'ਚ ਹਿੱਸਾ ਲੈਣ ਵਾਲੇ ਸਾਰੇ ਪੁਲਸ ਅਧਿਕਾਰੀ/ਮੁਲਾਜ਼ਮਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰਨ ਦੀ ਹਦਾਇਤ ਕੀਤੀ ਗਈ। ਨਵੇਂ ਸਾਲ ਦੇ ਸਬੰਧ 'ਚ ਤਨਦੇਹੀ ਨਾਲ ਡਿਊਟੀ ਕਰਨ ਲਈ ਸਾਰੀ ਪੁਲਸ ਫੋਰਸ ਨੂੰ ਸਾਬਾਸ਼ੀ ਦਿੱਤੀ ਗਈ। ਪਰੇਡ 'ਚ ਹਾਜਰ ਪੀ. ਸੀ. ਆਰ. ਮੁਲਾਜ਼ਮਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਗਿਆ।
ਪੁਲਸ ਨੂੰ ਡਿਊਟੀ ਦੌਰਾਨ ਆਮ ਵਿਅਕਤੀਆਂ ਨਾਲ ਵਧੀਆ ਢੰਗ ਨਾਲ ਵਰਤਾਓ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀ ਹਦਾਇਤ ਕੀਤੀ ਗਈ। ਕਮਿਸ਼ਨਰ ਪੁਲਸ ਲੁਧਿਆਣਾ ਵੱਲੋਂ ਸੁਚੱਜੇ ਢੰਗ ਨਾਲ ਡਿਊਟੀ ਕਰਨ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਹੌਂਸਲਾ-ਅਫ਼ਜ਼ਾਈ ਲਈ ਕੁੱਲ 75 ਪੁਲਸ ਮੁਲਾਜ਼ਮਾਂ (34/NGOs ਅਤੇ 41/EPOs) ਨੂੰ ਪ੍ਰਸ਼ੰਸਾ ਪੱਤਰ ਦਰਜਾ-2 ਪ੍ਰਦਾਨ ਕਰਦਿਆਂ ਸਨਮਾਨਿਤ ਕੀਤਾ ਗਿਆ। ਸਾਈਬਰ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 02 ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਲਈ ਡੀ. ਜੀ. ਪੀ. ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਪੁਲਸ ਜਵਾਨਾਂ ਨੇ ਜਨਰਲ ਪਰੇਡ ਕਰਕੇ ਆਪਣੇ ਉੱਚੇ ਮਨੋਬਲ ਦਾ ਪ੍ਰਦਰਸ਼ਨ ਕੀਤਾ, ਜਿਸ ਕਰਕੇ ਪਰੇਡ 'ਚ ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ (ਕੁੱਲ 651) ਦੀ ਹੌਂਸਲਾ-ਅਫ਼ਜ਼ਾਈ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਰਜਾ-3 ਦੇ ਕੇ ਸਨਮਾਨਿਤ ਕੀਤਾ ਗਿਆ।