ਲੁਧਿਆਣਾ ਜ਼ਿਲ੍ਹੇ ''ਚ ਗਣਤੰਤਰ ਦਿਹਾੜੇ ਨੂੰ ਲੈ ਕੇ ਪੁਲਸ ਅਲਰਟ, ਜਨਤਕ ਸਥਾਨਾਂ ''ਤੇ ਚੈਕਿੰਗ ਜਾਰੀ

Monday, Jan 23, 2023 - 11:42 AM (IST)

ਲੁਧਿਆਣਾ ਜ਼ਿਲ੍ਹੇ ''ਚ ਗਣਤੰਤਰ ਦਿਹਾੜੇ ਨੂੰ ਲੈ ਕੇ ਪੁਲਸ ਅਲਰਟ, ਜਨਤਕ ਸਥਾਨਾਂ ''ਤੇ ਚੈਕਿੰਗ ਜਾਰੀ

ਲੁਧਿਆਣਾ (ਰਾਜ) : ਪੰਜਾਬ ’ਚ ਪਹਿਲਾਂ ਤੋਂ ਹਾਈ ਅਲਰਟ ਚੱਲ ਰਿਹਾ ਹੈ। ਕਈ ਅੱਤਵਾਦੀ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਪੁਲਸ ਸਰਗਰਮ ਚੱਲ ਰਹੀ ਹੈ। ਹੁਣ ਗਣਤੰਤਰ ਦਿਹਾੜਾ ਨੇੜੇ ਹੈ। ਸ਼ਹਿਰ ’ਚ ਵੱਡਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤ ਰਹੀ, ਉਹ ਪੂਰੀ ਤਰ੍ਹਾਂ ਨਾਲ ਮੁਸਤੈਦ ਨਜ਼ਰ ਆ ਰਹੀ ਹੈ। ਇਸ ਲਈ ਪੁਲਸ ਵੱਲੋਂ ਟੀਮਾਂ ਬਣਾ ਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਐਤਵਾਰ ਨੂੰ ਪੁਲਸ ਟੀਮਾਂ ਨੇ ਜਨਤਕ ਸੁਰੱਖਿਆ ਯਕੀਨੀ ਕਰਨ ਲਈ ਝੁੱਗੀਆਂ ’ਚ ਰਹਿ ਰਹੇ ਅਤੇ ਭਿਖਾਰੀਆਂ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੇ ਪਛਾਣ-ਪੱਤਰ ਤੱਕ ਚੈੱਕ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ’ਚ ਮੌਜੂਦ ਝੁੱਗੀਆਂ ਦੀ ਜਾਂਚ ਕੀਤੀ ਗਈ।

ਅੰਦਰ ਰਹਿਣ ਵਾਲੇ ਲੋਕਾਂ ਦੀ ਡਿਟੇਲ ਜੁਟਾਈ ਗਈ। ਇਸੇ ਤਰ੍ਹਾਂ ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਈਂ ਮੌਜੂਦ ਹੋਟਲਾਂ ’ਚ ਚੈਕਿੰਗ ਕੀਤੀ ਗਈ। ਉਨ੍ਹਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਕਿ ਕੌਣ ਠਹਿਰਿਆ ਹੈ ਅਤੇ ਉਨ੍ਹਾਂ ਦੇ ਦਸਤਾਵੇਜ਼ ਹੋਟਲ ਪ੍ਰਬੰਧਕ ਨੇ ਠੀਕ ਤਰ੍ਹਾਂ ਨਾਲ ਜਮ੍ਹਾਂ ਕੀਤੇ ਹਨ ਕਿ ਨਹੀਂ । ਇਸ ਤੋਂ ਇਲਾਵਾ ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਵਿਸ਼ੇਸ਼ ਜਾਂਚ ਕੀਤੀ ਗਈ। ਵਰਧਮਾਨ ਚੌਂਕ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ’ਚ ਏ. ਸੀ. ਪੀ. ਰਾਜ ਕੁਮਾਰ ਜਲੋਤਰਾ, ਇੰਸ. ਸਤਪਾਲ ਸਿੰਘ, ਇੰਸ. ਅਵਤਾਰ ਸਿੰਘ, ਇੰਸ. ਜਸਵੀਰ ਸਿੰਘ ਅਤੇ ਇੰਸ. ਅੰਮ੍ਰਿਤਪਾਲ ਸਿੰਘ ਗਰੇਵਾਲ ਅਤੇ ਹੋਰ ਸ਼ਾਮਲ ਸਨ। ਉਧਰ ਚੌਂਕੀ ਕੋਚਰ ਮਾਰਕੀਟ ਦੇ ਇੰਚਾਰਜ ਭੀਸ਼ਣ ਸੇਠ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੀ ਹੋਟਲਾਂ ਦੀ ਚੈਕਿੰਗ ਕੀਤੀ ਗਈ ਸੀ ਅਤੇ ਹੋਟਲਾਂ ਦੀ ਚੈਕਿੰਗ ਕੀਤੀ ਗਈ। ਹੋਟਲ ਵਾਲਿਆਂ ਨੇ ਲੋਕਾਂ ਦਾ ਰਿਕਾਰਡ ਰੱਖਿਆ ਹੈ ਅਤੇ ਉਨ੍ਹਾਂ ਦੇ ਰਜਿਸਟਰ ’ਤੇ ਚੜ੍ਹੀਆਂ ਹੋਈਆਂ ਐਂਟਰੀਆਂ ਵੀ ਚੈੱਕ ਕੀਤੀਆਂ ਗਈਆਂ ਸਨ।


author

Babita

Content Editor

Related News