ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਕਸਟਡੀ ''ਚੋਂ ਭਜਾਉਣ ਦੇ ਮਾਮਲੇ ’ਚ ਹੁਣ ਤੱਕ 9 ਗ੍ਰਿਫ਼ਤਾਰੀਆਂ
Monday, Nov 07, 2022 - 06:35 PM (IST)
ਪਟਿਆਲਾ (ਕੰਵਲਜੀਤ ਕੰਬੋਜ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂ ਨੂੰ ਪੁਲਸ ਕਸਟਡੀ 'ਚੋਂ ਭਜਾਉਣ ਵਾਲੇ ਗੈਂਗ ਦੇ 2 ਮੈਂਬਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਪੁਲਸ ਨੇ ਪਹਿਲਾਂ ਹੀ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਸ਼ਾਮਲ 2 ਵਿਅਕਤੀ ਚਿਰਾਗ ਅਤੇ ਬਿੱਟੂ ਗੈਂਗਸਟਰ ਦੀਪਕ ਟੀਨੂੰ ਦੇ ਸਕੇ ਭਰਾ ਹਨ ਅਤੇ ਪੁਲਸ ਨੇ ਉਨ੍ਹਾਂ ਕੋਲੋਂ 4 ਵਿਦੇਸ਼ੀ ਪਿਸਤੌਲ ਜਿਨ੍ਹਾਂ ਵਿੱਚੋਂ 3 ਪਿਸਟਲ 32 ਬੋਰ ਤੇ ਇੱਕ 9MM ਤੋਂ ਇਲਾਵਾ 4 ਲੱਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ , ਬਟਾਲਾ 'ਚ ਗੁੱਜਰ ਧੜਿਆਂ ਵਿਚਾਲੇ ਚੱਲੀਆਂ ਗੋਲ਼ੀਆਂ
ਇਸ ਸਬੰਧੀ ਗੱਲ ਕਰਦਿਆਂ ਪਟਿਆਲਾ ਰੇਂਜ ਦੇ IG ਮਲਵਿੰਦਰ ਸਿੰਘ ਨੇ ਦੱਸਿਆ ਕਿ ਐੱਫ. ਆਈ. ਆਰ. ਤਹਿਤ ਇਸ ਮਾਮਲੇ 'ਚ 9 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 9 ਦੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ 7 ਨੂੰ ਪੰਜਾਬ ਪੁਲਸ ਅਤੇ 2 ਨੂੰ ਦਿੱਲੀ ਸਪੈਸ਼ਲ ਸੈੱਲ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ SIT ਦਾ ਗਠਨ ਕੀਤਾ ਸੀ ਅਤੇ ਇਸ ਦੀ ਜ਼ਿੰਮੇਵਾਰੀ ਮੈਨੂੰ ਅਤੇ ਸੀਨੀਅਰ ਅਫ਼ਸਰਾਂ ਨੂੰ ਸੌਂਪੀ ਸੀ। ਸਾਡੀਆਂ ਵੱਖ-ਵੱਖ ਟੀਮਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਸਾਰੇ ਇਸ ਵੇਲੇ ਮੁਲਜ਼ਮ ਗ੍ਰਿਫ਼ਤ 'ਚ ਹਨ। ਪਟਿਆਲਾ IG ਨੇ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਦਾ ਮਾਸਟਰਮਾਈਂਡ ਉਸ ਦੇ ਭਰਾ ਚਿਰਾਗ ਨੂੰ ਦੱਸਿਆ ਅਤੇ ਉਸ ਖ਼ਿਲਾਫ਼ ਠੋਸ ਸਬੂਤ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀਪਕ ਟੀਨੂੰ ਦੇਸ਼ ਛੱਡਣ ਦੀ ਫਿਰਾਕ 'ਚ ਸੀ ਪਰ ਕੇਂਦਰੀ ਏਜੰਸੀਆਂ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।